ਹਾਂਗਕਾਂਗ (ਸਮਾਜ ਵੀਕਲੀ) : ਹਾਂਗਕਾਂਗ ’ਚ ਮੀਡੀਆ ਦੇ ਬੇਤਾਜ ਬਾਦਸ਼ਾਹ ਜਿੰਮੀ ਲਾਈ ਨੂੰ ਵਿਦੇਸ਼ੀ ਤਾਕਤਾਂ ਨਾਲ ਗੰਢ-ਤੁਪ ਦੇ ਸ਼ੱਕ ਹੇਠ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਉਸ ਦੇ ਨੈਕਸਟ ਡਿਜੀਟਲ ਗਰੁੱਪ ਦੇ ਹੈੱਡਕੁਆਰਟਰ ਦੀ ਵੀ ਤਲਾਸ਼ੀ ਲਈ। ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ’ਚ ਪੇਈਚਿੰਗ ਵੱਲੋਂ ਲਾਗੂ ਕੀਤੇ ਗਏ ਨਵੇਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਇਹ ਵੱਡੀ ਗ੍ਰਿਫ਼ਤਾਰੀ ਹੋਈ ਹੈ।
ਹਾਂਗਕਾਂਗ ਪੁਲੀਸ ਨੇ ਕਿਹਾ ਕਿ ਕੌਮੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਸ਼ੱਕ ਹੇਠ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਬਿਆਨ ’ਚ ਕਿਸੇ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਮਸ਼ਹੂਰ ਪੱਤਰਿਕਾ ‘ਐਪਲ ਡੇਲੀ’ ਦੇ ਮਾਲਕ ਲਾਏ ਹਾਂਗਕਾਂਗ ’ਚ ਲੋਕਤੰਤਰ ਦੀ ਹਮਾਇਤ ’ਚ ਆਵਾਜ਼ ਬੁਲੰਦ ਕਰਨ ਵਾਲੀਆਂ ਹਸਤੀਆਂ ’ਚ ਸ਼ਾਮਲ ਹਨ ਅਤੇ ਉਹ ਲਗਾਤਾਰ ਚੀਨ ਦੀ ਆਲੋਚਨਾ ਕਰਦੇ ਰਹੇ ਹਨ। ਪੁਲੀਸ ਨੇ ਮੀਡੀਆ ਗਰੁੱਪ ਦੇ ਕਈ ਹੋਰ ਮੈਂਬਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਹੈ।