ਹਾਂਗਕਾਂਗ: ਲੋਕਤੰਤਰ ਪੱਖੀਆਂ ਦੀ ਜ਼ਿਲ੍ਹਾ ਕੌਂਸਲ ਚੋਣਾਂ ’ਚ ਸ਼ਾਨਦਾਰ ਜਿੱਤ

ਹਾਂਗਕਾਂਗ ਦੀਆਂ ਲੋਕਤੰਤਰ ਪੱਖੀ ਧਿਰਾਂ ਨੇ ਕਮਿਊਨਿਟੀ ਪੱਧਰ (ਜ਼ਿਲ੍ਹਾ ਕੌਂਸਲ) ਦੀਆਂ ਚੋਣਾਂ ਵਿਚ ਜ਼ੋਰਦਾਰ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਚੀਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਲੰਮੇ ਸਮੇਂ ਤੋਂ ਜਿਨ੍ਹਾਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਲਈ ਆਗੂਆਂ ਕੋਲ ਜਨਤਾ ਦੀ ਵੱਡੀ ਹਮਾਇਤ ਹੈ। ਐਤਵਾਰ ਨੂੰ ਰਿਕਾਰਡ ਪੱਧਰ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਸ਼ਾਮ ਤੱਕ ਜਾਰੀ ਰਹੀ। 18 ਜ਼ਿਲ੍ਹਾ ਕੌਂਸਲਾਂ ’ਚੋਂ ਜ਼ਿਆਦਾਤਰ ’ਤੇ ਲੋਕਤੰਤਰ ਪੱਖੀ ਧਿਰਾਂ ਨੇ ਜਿੱਤ ਦਰਜ ਕੀਤੀ ਹੈ ਤੇ ਪਹਿਲਾਂ ਕਾਬਜ਼ ਸਰਕਾਰ ਪੱਖੀ ਧਿਰਾਂ ਨੂੰ ਤਕੜਾ ਝਟਕਾ ਦਿੱਤਾ ਹੈ। ਇਹ ਨਤੀਜੇ ਪੇਈਚਿੰਗ ਲਈ ‘ਸ਼ਰਮਨਾਕ’ ਦੱਸੇ ਜਾ ਰਹੇ ਹਨ ਤੇ ਹਾਂਗਕਾਂਗ ਦੀ ਆਗੂ ਕੈਰੀ ਲੈਮ ਦੀ ਨੀਤੀ ਨੂੰ ਵੀ ਝਟਕਾ ਲੱਗਾ ਹੈ। ਲੈਮ ਨੂੰ ਆਸ ਸੀ ਕਿ ਮੁਜ਼ਾਹਰਾਕਾਰੀਆਂ ਵੱਲੋਂ ਹਿੰਸਕ ਨੀਤੀ ਅਪਣਾਉਣ ਨਾਲ ਸ਼ਾਇਦ ਚੁੱਪ ਬੈਠੇ ਲੋਕ ਪ੍ਰਸ਼ਾਸਨ ਦੇ ਹੱਕ ਵਿਚ ਭੁਗਤਣਗੇ। ਤਬਦੀਲੀ ਦੇ ਹੱਕ ਵਿਚ ਭੁਗਤ ਰਹੇ ਰਾਜਸੀ ਆਗੂਆਂ ਦੀ ਜਿੱਤ ਸਾਫ਼ ਕਰਦੀ ਹੈ ਕਿ ਲੋਕ ਸ਼ਹਿਰ ਦੇ ਪ੍ਰਸ਼ਾਸਕੀ ਢਾਂਚੇ ਵਿਚ ਜ਼ਿਆਦਾ ਹੱਕ ਚਾਹੁੰਦੇ ਹਨ। ਸਿਆਸੀ ਕਾਰਕੁਨਾਂ ਮੁਤਾਬਕ ‘ਕੈਰੀ ਲੈਮ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਆਸ ਕਰਦੇ ਹਾਂ ਕਿ ਉਹ ਲੋਕਾਂ ਦੀਆਂ ਉਮੀਦਾਂ ਮੁਤਾਬਕ ਚੱਲੇਗੀ, ਪੰਜ ਦੀਆਂ ਪੰਜ ਮੰਗਾਂ ਪੂਰੀਆਂ ਕਰੇਗੀ ਤੇ ਨੌਜਵਾਨਾਂ ਨੂੰ ਮੌਕਾ ਦੇਵੇਗੀ।’ ਰੋਸ ਮੁਜ਼ਾਹਰਿਆਂ ਦੌਰਾਨ ਪੰਜ ਮੰਗਾਂ ਵਿਚ ਸਿੱਧੀਆਂ ਚੋਣਾਂ ਕਰਵਾਉਣੀਆਂ, ਪੁਲੀਸ ਤਸ਼ੱਦਦ ਦੀ ਜਾਂਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ ਕਈ ਮਹੀਨਿਆਂ ਤੋਂ ਲੋਕਾਂ ਦੇ ਵੱਡੇ ਇਕੱਠ ਰੋਸ ਮੁਜ਼ਾਹਰੇ ਕਰ ਰਹੇ ਹਨ।

Previous articleਭਾਜਪਾ ਨੇ ਸੰਵਿਧਾਨ ਦਾ ਅਪਮਾਨ ਕੀਤਾ: ਪ੍ਰਿਯੰਕਾ
Next articleChina says attempts to destabilise Hong Kong will fail