ਹਾਂਗਕਾਂਗ : ਚੀਨ ‘ਚ ਕਮਿਊਨਿਸਟ ਸ਼ਾਸਨ ਦੀ ਵਰ੍ਹੇਗੰਢ ਮੌਕੇ ਖ਼ੁਦਮੁਖ਼ਤਾਰ ਹਾਂਗਕਾਂਗ ‘ਚ ਲੋਕਤੰਤਰ ਹਮਾਇਤੀਆਂ ਨੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤੇ। ਸ਼ਹਿਰ ਦੇ ਕਈ ਇਲਾਕਿਆਂ ‘ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪ ਵੀ ਹੋਈ। ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲ਼ੇ ਦਾਗੇ ਤੇ ਪਾਣੀ ਦੀ ਬੁਛਾੜ ਕੀਤੀ। ਪੁਲਿਸ ਨੇ ਹੋਈ ਪਾ ਇਲਾਕੇ ‘ਚ ਗੋਲ਼ੀਬਾਰੀ ਵੀ ਕੀਤੀ। ਇਸ ‘ਚ ਇਕ ਪ੍ਰਦਰਸ਼ਨਕਾਰੀ ਨੂੰ ਗੋਲ਼ੀ ਲੱਗਣ ਦੀ ਖ਼ਬਰ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਇਕ ਪੁਲਿਸ ਅਧਿਕਾਰੀ ਨੇੜਿਓਂ ਇਕ ਪ੍ਰਦਰਸ਼ਨਕਾਰੀ ਨੂੰ ਗੋਲ਼ੀ ਮਾਰਦਾ ਦਿਸ ਰਿਹਾ ਹੈ। ਪੁਲਿਸ ਤੇ ਮੁਜ਼ਾਹਰਾਕਾਰੀਆਂ ਦੀ ਝੜਪ ‘ਚ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਲੋਕਤੰਤਰ ਹਮਾਇਤੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੰਗਲਵਾਰ ਨੂੰ ਹਾਂਗਕਾਂਗ ‘ਚ ਜ਼ਿਆਦਾਤਰ ਮਾਲ ਤੇ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ। ਹਾਂਗਕਾਂਗ ਬੀਤੇ ਜੂਨ ਤੋਂ ਹੀ ਵਿਰੋਧ ਪ੍ਰਦਰਸ਼ਨਾਂ ਦੀ ਅੱਗ ‘ਚ ਝੁਲਸ ਰਿਹਾ ਹੈ। ਬਰਤਾਨੀਆ ਨੇ ਸਾਲ 1997 ‘ਚ ਹਾਂਗਕਾਂਗ ਨੂੰ ਚੀਨ ਦੇ ਕੰਟਰੋਲ ‘ਚ ਸੌਂਪਿਆ ਸੀ। ਉਦੋਂ ਤੋਂ ਇਸ ਸ਼ਹਿਰ ‘ਚ ਇਹ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਹੈ।
ਖੁੱਲ੍ਹੇ ‘ਚ ਨਹੀਂ ਮਨਾਇਆ ਚੀਨੀ ਜਸ਼ਨ
ਚੀਨ ‘ਚ ਕਮਿਊਨਿਸਟ ਸ਼ਾਸਨ ਦੀ ਵਰ੍ਹੇਗੰਢ ਦਾ ਜਸ਼ਨ ਹਾਂਗਕਾਂਗ ‘ਚ ਖੁੱਲ੍ਹੇ ‘ਚ ਨਹੀਂ ਮਨਾਇਆ ਗਿਆ। ਸ਼ਹਿਰ ਦੇ ਇਕ ਪ੍ਰਦਰਸ਼ਨੀ ਕੇਂਦਰ ‘ਚ ਸਰਕਾਰੀ ਅਧਿਕਾਰੀਆਂ ਨੇ ਝੰਡਾ ਚੜ੍ਹਾਇਆ। ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਮੁੱਖ ਉਤਸਵ ‘ਚ ਹਿੱਸਾ ਲੈਣ ਲਈ ਬੀਜਿੰਗ ‘ਚ ਸੀ। ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਹਾਂਗਕਾਂਗ ‘ਚ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।