ਹਾਂਗਕਾਂਗ ‘ਚ ਐਤਵਾਰ ਨੂੰ ਲੋਕਤੰਤਰ ਦੀ ਮੰਗ ਕਰ ਰਹੇ ਅੰਦੋਲਨਕਾਰੀ ਮੁੜ ਤੋਂ ਸੜਕਾਂ ‘ਤੇ ਉਤਰੇ। ਦੁਪਹਿਰ ਤਕ ਤਾਂ ਉਨ੍ਹਾਂ ਦਾ ਅੰਦੋਲਨ ਸ਼ਾਂਤਮਈ ਰਿਹਾ ਪਰ ਉਸ ਤੋਂ ਬਾਅਦ ਨੌਜਵਾਨ ਅੰਦੋਲਨਕਾਰੀਆਂ ਤੇ ਪੁਲਿਸ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ। ਇਸ ਦੌਰਾਨ ਕਾਲੇ ਕੱਪੜੇ ਪਹਿਨ ਕੇ ਅੰਦੋਲਨਕਾਰੀਆਂ ਨੇ ਹਾਂਗਕਾਂਗ ਦੀ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਦੁਕਾਨਾਂ, ਵਪਾਰਕ ਅਦਾਰਿਆਂ ਤੇ ਮੈਟਰੋ ਸਟੇਸ਼ਨਾਂ ‘ਚ ਭੰਨਤੋੜ ਕੀਤੀ, ਸੜਕਾਂ ‘ਤੇ ਜਾਮ ਲਗਾਇਆ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਹੋ ਗਿਆ। ਇਹ ਸਥਿਤੀ ਹਾਂਗਕਾਂਗ ‘ਚ ਕਈ ਸਥਾਨਾਂ ‘ਤੇ ਪੈਦਾ ਹੋਈ।
ਪੁਲਿਸ ਨੇ ਭੰਨਤੋੜ ਕਰਨ ਵਾਲੇ ਅੰਦੋਲਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲ਼ੇ ਛੱਡੇ ਤੇ ਬਲ ਵਰਤੋਂ ਕੀਤੀ। ਫੇਸ ਮਾਸਕ ਪਹਿਨੇ ਕਈ ਮੁਜ਼ਾਹਰਾਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਮੁਜ਼ਾਹਰਾਕਾਰੀ ਆਪਣੀ ਪਛਾਣ ਲੁਕਾ ਕੇ ਭੰਨਤੋੜ ਕਰ ਰਹੇ ਸਨ। ਇਕ ਮਾਲ ‘ਚ ਦੁਕਾਨਦਾਰਾਂ ਨੇ ਬਾਹਰ ਨਿਕਲ ਕੇ ਪੁਲਿਸ ਖ਼ਿਲਾਫ਼ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਪੁਲਿਸ ਮਾਫੀਆ ਕਹਿ ਕੇ ਅੰਦੋਲਨਕਾਰੀਆਂ ‘ਤੇ ਹੋ ਰਹੀ ਬਲ ਵਰਤੋਂ ਦੀ ਨਿੰਦਾ ਕੀਤੀ। ਦੁਕਾਨਦਾਰਾਂ ਨੇ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਦੀ ਹਮਾਇਤ ਕੀਤੀ। ਦੁਕਾਨਦਾਰਾਂ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਮੌਜੂਦ 70 ਸਾਲ ਦੇ ਬਜ਼ੁਰਗ ਹੁਈ ਨੇ ਕਿਹਾ, ਹਾਂਗਕਾਂਗ ਸੰਪੰਨ ਇਲਾਕਾ ਹੈ। ਪਰ ਸਰਕਾਰ ਨੇ ਇਸ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ। ਅਸੀਂ ਹਾਂਗਕਾਂਗ ਦੀ ਰੱਖਿਆ ਕਰਦੇ ਰਹੇ ਹਾਂ ਪਰ ਹੁਣ ਅਸੀਂ ਵਿਦਰੋਹ ਕਰਾਂਗੇ। ਹੁਈ ਉਨ੍ਹਾਂ ਬਜ਼ੁਰਗ ਅੰਦੋਲਨਕਾਰੀਆਂ ਦੇ ਸਮੂਹ ‘ਚ ਸ਼ਾਮਲ ਹਨ, ਜੋ ਯੁਵਾ ਅੰਦੋਲਨਕਾਰੀਆਂ ਦੀ ਆਪਣੇ ਤਰੀਕੇ ਨਾਲ ਹਮਾਇਤ ਕਰਦੇ ਹਨ। ਐਤਵਾਰ ਨੂੰ ਹੁਈ ਤੇ ਉਨ੍ਹਾਂ ਦੇ ਸਾਥੀਆਂ ਨੇ ਯੁਵਾ ਅੰਦੋਲਨਕਾਰੀਆਂ ਨੂੰ ਸੜਕ ਰੋਕਣ ਦੀ ਸਲਾਹ ਦਿੱਤੀ ਜਿਸ ਨਾਲ ਮੌਕੇ ‘ਤੇ ਪੁਲਿਸ ਨਾ ਆ ਸਕੇ ਤੇ ਉਨ੍ਹਾਂ ਦੀਆਂ ਸਰਗਰਮੀਆਂ ਚਲਦੀਆਂ ਰਹਿਣ।
ਚੀਨ ਨਾਲ ਹਵਾਲਗੀ ਸੰਧੀ ਦੇ ਵਿਰੋਧ ‘ਚ ਹਾਂਗਕਾਂਗ ‘ਚ ਸ਼ੁਰੂ ਹੋਇਆ ਅੰਦੋਲਨ ਹੁਣ ਲੋਕਤੰਤਰ ਦੀ ਮੰਗ ਤਕ ਪਹੁੰਚ ਗਿਆ ਹੈ। ਨਿੱਤ ਦਿਨ ਹੋਣ ਵਾਲੀ ਭੰਨਤੋੜ ਨਾਲ ਅਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ। ਦੁਨੀਆ ‘ਚ ਹਾਂਗਕਾਂਗ ਦਾ ਅਕਸ ਵੀ ਖ਼ਰਾਬ ਹੋਇਆ ਹੈ।