ਹਾਂਗਕਾਂਗ ’ਚ ਐਤਵਾਰ ਨੂੰ ਜ਼ਿਲ੍ਹਾ ਕਾਊਂਸਿਲ ਚੋਣਾਂ ’ਚ ਵੱਡੀ ਗਿਣਤੀ ’ਚ ਵੋਟਰ ਪੋਲਿੰਗ ਬੂਥਾਂ ’ਤੇ ਪਹੁੰਚੇ। ਇਨ੍ਹਾਂ ਚੋਣਾਂ ਨੂੰ ਹਾਂਗਕਾਂਗ ਦੀ ਚੀਫ਼ ਐਗਜ਼ੀਕਿਊਟਿਵ ਕੈਰੀ ਲੈਮ ਲਈ ਪ੍ਰੀਖਿਆ ਦੀ ਘੜੀ ਮੰਨਿਆ ਜਾ ਰਿਹਾ ਹੈ। ਲੋਕਾਂ ਨੇ ਚੀਨ ਨੂੰ ਲੋਕਤੰਤਰ ਦਾ ਸੁਨੇਹਾ ਦੇਣ ਲਈ ਪੋਲਿੰਗ ਬੂਥਾਂ ਵੱਲ ਵਹੀਰਾਂ ਘੱਤ ਦਿੱਤੀਆਂ। ਪਿਛਲੇ ਕੁਝ ਮਹੀਨਿਆਂ ਤੋਂ ਹਾਂਗਕਾਂਗ ’ਚ ਜਮਹੂਰੀਅਤ ਪੱਖੀ ਅੰਦੋਲਨ ਚੱਲ ਰਿਹਾ ਹੈ। ਸਵੇਰੇ ਸਾਢੇ ਸੱਤ ਵਜੇ ਸ਼ੁਰੂ ਹੋਈ ਵੋਟਿੰਗ ਤੋਂ ਪਹਿਲਾਂ ਹੀ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਸ਼ਾਮ ਸਾਢੇ 4 ਵਜੇ ਤੱਕ 21 ਲੱਖ ਤੋਂ ਵੱਧ (52.14 ਫ਼ੀਸਦੀ) ਲੋਕਾਂ ਨੇ ਵੋਟਾਂ ਭੁਗਤਾ ਦਿੱਤੀਆਂ ਸਨ ਜਦਕਿ 2015 ਦੀਆਂ ਚੋਣਾਂ ’ਚ ਸਿਰਫ਼ ਸਾਢੇ 7 ਲੱਖ ਤੋਂ ਵੱਧ (24.18 ਫ਼ੀਸਦੀ) ਲੋਕਾਂ ਨੇ ਵੋਟਾਂ ਪਾਈਆਂ ਸਨ। ਸ਼ਹਿਰ ਦੇ ਕਰੀਬ 75 ਲੱਖ ਲੋਕਾਂ ’ਚੋਂ ਯੋਗ 41 ਲੱਖ ਤੋਂ ਵੱਧ ਵੋਟਰ 452 ਕਾਊਂਸਲਰਾਂ ਦੀ ਚੋਣ ਕਰਨਗੇ। ਹਾਂਗਕਾਂਗ ਦੇ 18 ਜ਼ਿਲ੍ਹਿਆਂ ’ਚ 1090 ਉਮੀਦਵਾਰ ਚੋਣ ਲੜ ਰਹੇ ਹਨ। ਆਪਣੇ ਹੱਕ ਦੀ ਵਰਤੋਂ ਕਰਨ ਜਾ ਰਹੇ ਅਲੈਕਸ (24) ਨੇ ਕਿਹਾ ਕਿ ਹਾਂਗਕਾਂਗ ਦੇ ਲੋਕਾਂ ਨੂੰ ਆਪਣਾ ਉਮੀਦਵਾਰ ਚੁਣਨ ਦੀ ਖੁਲ੍ਹ ਹੈ ਅਤੇ ਇਨ੍ਹਾਂ ਚੋਣਾਂ ਤੋਂ ਸਪੱਸ਼ਟ ਹੋ ਜਾਵੇਗਾ ਕਿ ਉਹ ਕਿਸ ਨੂੰ ਤਰਜੀਹ ਦਿੰਦੇ ਹਨ। ਜਮਹੂਰੀਅਤ ਪੱਖੀ ਆਗੂ ਜੋਸ਼ੂਆ ਵੌਂਗ ਨੇ ਵੋਟਿੰਗ ਤੋਂ ਪਹਿਲਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਦਾ ਹੈ ਅਤੇ ਜੇਲ੍ਹ ’ਚ ਡੱਕਦਾ ਹੈ ਤਾਂ ਵੀ ਉਹ ਭਵਿੱਖ ਦੀ ਲੜਾਈ ਜਾਰੀ ਰਖਣਗੇ। ਚੀਫ਼ ਐਗਜ਼ੀਕਿਊਟਿਵ ਲੈਮ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਚੋਣਾਂ ਸ਼ਹਿਰ ’ਚ ਹਾਲਾਤ ਸ਼ਾਂਤ ਬਣਾਉਣ ’ਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਦਿਨਾਂ ਦੌਰਾਨ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜੋ ਚੋਣਾਂ ਰੱਦ ਨਾ ਹੋਣ।
World ਹਾਂਗਕਾਂਗ: ਕੌਂਸਲ ਚੋਣਾਂ ’ਚ ਭਾਰੀ ਮੱਤਦਾਨ