ਹਸਪਤਾਲ ਅਮਲੇ ਨੇ ਆਈਸੋਲੇਸ਼ਨ ਵਾਰਡ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ

ਲੁਧਿਆਣਾ (ਸਮਾਜਵੀਕਲੀ) : ਸਿਵਲ ਹਸਪਤਾਲ ਲੁਧਿਆਣਾ ਦੇ ਸਟਾਫ ਨੇ ਅੱਜ ਵੀਡੀਓ ਬਣਾ ਕੇ ਕਰੋਨਾ ਵਾਰਡ ਦੀ ਮਾੜੀ ਹਾਲਤ ਦੀ ਪੋਲ ਖੋਲ੍ਹ ਦਿੱਤੀ ਹੈ। ਹਸਪਤਾਲ ਦੇ ਚਾਰ ਚੌਥਾ ਦਰਜਾ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਹੋਇਆ ਹੈ। ਇਨ੍ਹਾਂ ਚਾਰਾਂ ਮੁਲਾਜ਼ਮਾਂ ਨੇ ਹੀ ਅੱਜ ਵੀਡੀਓ ਬਣਾ ਕੇ ਦੋਸ਼ ਲਾਏ ਹਨ ਕਿ ਹਸਪਤਾਲ ਵਿਚ ਸਟਾਫ਼ ਉਨ੍ਹਾਂ ਨਾਲ ਮਾੜਾ ਸਲੂਕ ਕਰ ਰਿਹਾ ਹੈ।

ਉਨ੍ਹਾਂ ਨੂੰ ਸਹੀ ਖਾਣਾ ਨਹੀਂ ਦਿੱਤਾ ਜਾ ਰਿਹਾ। ਜਦੋਂ ਉਨ੍ਹਾਂ ਦੁੱਧ ਬਾਹਰੋਂ ਮੰਗਵਾਇਆ ਤਾਂ ਕੋਈ ਸਟਾਫ਼ ਮੈਂਬਰ ਉਨ੍ਹਾਂ ਨੂੰ ਦੇਣ ਤੱਕ ਨਹੀਂ ਆਇਆ। ਉਨ੍ਹਾਂ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਜੇ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੂੰ ਕਰੋਨਾ ਵਰਗੀ ਬਿਮਾਰੀ ਹੋ ਗਈ ਤਾਂ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਉਨ੍ਹਾਂ ਨੂੰ ਸਹੀ ਇਲਾਜ ਤੇ ਸਹੀ ਖਾਣ-ਪੀਣ ਦਾ ਸਾਮਾਨ ਦਿੱਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦੋਸ਼ ਲਾਏ ਕਿ ਜਿਸ ਹਸਪਤਾਲ ’ਚ ਕੰਮ ਕਰ ਕੇ ਉਹ ਕਰੋਨਾ ਪੀੜਤ ਹੋਏ ਹਨ, ਹੁਣ ਉਹੀ ਹਸਤਪਾਲ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ। ਜਿਸ ਸਟਾਫ਼ ਦੇ ਮੋਢੇ ਨਾਲ ਮੋਢਾ ਜੋੜ ਕੇ ਉਹ ਡਿਊਟੀ ਕਰ ਰਹੇ ਸਨ, ਹੁਣ ਉਹੀ ਸਟਾਫ਼ ਉਨ੍ਹਾਂ ਨਾਲ ਅਜਿਹਾ ਵਤੀਰਾ ਕਰ ਰਿਹਾ ਹੈ ਜਿਵੇਂ ਉਨ੍ਹਾਂ ਕੋਈ ਅਪਰਾਧ ਕੀਤਾ ਹੋਵੇ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਇਨ੍ਹਾਂ ਚਾਰੇ ਪਾਜ਼ੇਟਿਵ ਮੁਲਾਜ਼ਮਾਂ ਨੇ ਵਾਰਡ ਨੂੰ ਅੰਦਰੋਂ ਕੁੰਡੀ ਲਾ ਲਈ।

ਵੀਡੀਓ ’ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਤੋਂ ਉਨ੍ਹਾਂ ਨੂੰ ਚਾਹ-ਪਾਣੀ ਵੀ ਨਹੀਂ ਦਿੱਤਾ ਗਿਆ। ਖਾਣਾ ਵੀ ਸਹੀ ਨਹੀਂ ਆ ਰਿਹਾ। ਮਰੀਜ਼ਾਂ ਲਈ ਆਏ ਫਰਿੱਜ ’ਚ ਵੀ ਉਨ੍ਹਾਂ ਦਾ ਸਾਮਾਨ ਰੱਖਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਬੈੱਡ ’ਤੇ ਚਾਦਰ ਵੀ ਨਹੀਂ ਹੈ। ਉਹ ਮੰਗ-ਮੰਗ ਕੇ ਥੱਕ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ। ਉਨ੍ਹਾਂ ਕਿਹਾ ਕਿ ਉਹ ਠੀਕ ਹੋ ਕੇ ਫਿਰ ਤੋਂ ਕਰੋਨਾ ਖ਼ਿਲਾਫ਼ ਜੰਗ ’ਚ ਸ਼ਾਮਲ ਹੋਣਗੇ, ਪਰ ਉਨ੍ਹਾਂ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਵੇ। ਅਜਿਹਾ ਵਤੀਰਾ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਥਾਂ ਘਟ ਕਰ ਰਿਹਾ ਹੈ।

ਇਸ ਮਗਰੋਂ ਆਈਸੋਲੇਸ਼ਨ ਵਾਰਡ ’ਚ ਪਾਜ਼ੇਟਿਵ ਵਾਰਡ ਅਟੈਂਡੈਂਟ ਦੀ ਹਾਲਤ ਦੇਖ ਕੇ ਬਾਕੀ ਵਾਰਡ ਅਟੈਡੈਂਟਾਂ ਨੇ ਫੈ਼ਸਲਾ ਕੀਤਾ ਕਿ ਉਹ ਸਾਰੇ ਪੈਸੇ ਇਕੱਠੇ ਕਰ ਕੇ ਵਾਰਡ ’ਚ ਦਾਖ਼ਲ ਆਪਣੇ ਸਾਥੀਆਂ ਨੂੰ ਬਾਹਰੋਂ ਖਾਣਾ ਲਿਆ ਕੇ ਦੇਣਗੇ।

Previous articleਸੜਕਾਂ ’ਤੇ ਘੁੰਮਣ ਲੱਗਿਆ ਸਰਕਾਰੀ ਪਹੀਆ
Next articleਜੇਐੱਨਯੂ ਹਿੰਸਾ: ਜ਼ਰੂਰੀ ਮਾਮਲਿਆਂ ’ਤੇ ਹੀ ਹੋਵੇਗੀ ਸੁਣਵਾਈ