ਨਸ਼ਿਆਂ ਦੀ ਤਸਕਰੀ ਮਾਮਲੇ ’ਚ ਬੰਦ ਨੌਜਵਾਨ ਹਵਾਲਾਤੀ ਦੀ ਬਠਿੰਡਾ ਜੇਲ ’ਚ ਭੇਦ ਭਰੇ ਹਾਲਾਤਾਂ ’ਚ ਹੋਈ ਮੌਤ ਤੋਂ ਭੜਕੇ ਪ੍ਰੀਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਾਨਸਾ ਰੋਡ ਪੁਲ ਤੇ ਜਾਮ ਲਾਇਆ ਅਤੇ ਨਾਅਰੇਬਾਜੀ ਕੀਤੀ ਸੜਕ ਜਾਮ ਹੋਣ ਦਾ ਪਤਾ ਲੱਗਦਿਆਂ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਮੌਕੇ ਤੇ ਪੁੱਜੇ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾ ਦਿੱਤਾ। ਚਮਕੌਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਬਹਾਦਰਗੜ ਜੰਡੀਆਂ ਖਿਲਾਫ ਥਾਣਾ ਨੰਦਗੜ ’ਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ । ਚਮਕੌਰ ਸਿੰਘ ਪਿਛਲੇ ਕਰੀਬ 11 ਮਹੀਨਿਆਂ ਤੋਂ ਕੇਂਦਰੀ ਜੇਲ ਬਠਿੰਡਾ ‘ਚ ਬੰਦ ਸੀ। ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਜੇਲ ’ਚ ਸਹੀ ਢੰਗ ਨਾਲ ਇਲਾਜ ਨਾਂ ਹੋਣ ਕਰਕੇ ਚਮਕੌਰ ਸਿੰਘ ਦੀ ਮੌਤ ਹੋਈ ਹੈ ਉਨਾਂ ਦੱਸਿਆ ਕਿ ਚਮਕੌਰ ਸਿੰਘ ਕਾਫੀ ਦਿਨਾਂ ਤੋਂ ਬਿਮਾਰ ਸੀ ਜਿਸ ਨੂੰ ਸੋਮਵਾਰ ਸਢੇ ਤਿੰਨ ਵਜੇ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ । ਚਮਕੌਰ ਸਿੰਘ ਦੀ ਸਥਿਤੀ ਕਾਫੀ ਗੰਭੀਰ ਹੋ ਗਈ ਸੀ ਜਿਸ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰਨ ਬਾਰੇ ਆਖ ਰਹੇ ਸਨ ਪਰ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਮੰਗਲਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਚਮਕੌਰ ਦੀ ਮੌਤ ਬਾਰੇ ਪਤਾ ਲੱਗਦਿਆਂ ਵੱਡੀ ਗਿਣਤੀ ਪਿੰਡ ਵਾਸੀ ਸਿਵਲ ਹਸਪਤਾਲ ਪੁੱਜ ਗਏ ਅਤੇ ਜੇਲ ਪ੍ਰਸ਼ਾਸ਼ਨ ਖਿਲਾਫ ਕਾਰਵਾਈ ਦੀ ਮੰਗ ਕੀਤੀ। ਕਾਫੀ ਸਮਾਂ ਜਦੋਂ ਕਿਸੇ ਅਧਿਕਾਰੀ ਨੇ ਉਨਾਂ ਦੀ ਗੱਲ ਨਾਂ ਸੁਣੀ ਤਾਂ ਪਿੰਡ ਵਾਸੀਆਂ ਨੇ ਚੌਂਕ ’ਚ ਜਾਮ ਲਾ ਦਿੱਤਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੱਖ ਜਾਨਣ ਲਈ ਸੰਪਰਕ ਕਰਨ ਤੇ ਐਸਐਸਪੀ ਡਾ ਨਾਨਕ ਸਿੰਘ ਅਤੇ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਨੇ ਫੋਨ ਨਹੀਂ ਚੁੱਕਿਆ। ਓਧਰ ਅੱਜ ਪੋਸ਼ਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਡਾਕਟਰਾਂ ਦਾ ਕਹਿਣਾ ਸੀ ਕਿ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਿ੍ਰਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।
INDIA ਹਵਾਲਾਤੀ ਦੀ ਮੌਤ ਤੋਂ ਭੜਕੇ ਪ੍ਰੀਵਾਰ ਤੇ ਪਿੰਡ ਦੇ ਲੋਕਾਂ ਵੱਲੋਂ ਸੜਕ...