ਹਵਾਈ ਸ਼ੋਅ ਦੀ ਰਿਹਰਸਲ ਮੌਕੇ ਜਹਾਜ਼ ਟਕਰਾਏ, ਪਾਇਲਟ ਹਲਾਕ

ਐਰੋ ਇੰਡੀਆ ਸ਼ੋਅ ਦੀ ਰਿਹਰਸਲ ਦੌਰਾਨ ਭਾਰਤੀ ਹਵਾਈ ਸੈਨਾ ਦੀ ਐਰੋਬੈਟਿਕ ਟੀਮ ਸੂਰਿਆ ਕਿਰਨ ਦੇ ਦੋ ਜਹਾਜ਼ ਕਰਤੱਬ ਵਿਖਾਉਂਦਿਆਂ ਆਪਸ ਵਿੱਚ ਟਕਰਾਉਣ ਮਗਰੋਂ ਹਾਦਸਾਗ੍ਰਸਤ ਹੋ ਗਏ। ਹਾਦਸੇ ਵਿੱਚ ਇਕ ਜਹਾਜ਼ ਦਾ ਪਾਇਲਟ ਹਲਾਕ ਹੋ ਗਿਆ ਜਦੋਂ ਕਿ ਜਹਾਜ਼ ਵਿੱਚੋਂ ਬਾਹਰ ਨਿਕਲਣ ਵਿੱਚ ਸਫ਼ਲ ਰਹੇ ਦੋ ਪਾਇਲਟ ਜ਼ਖ਼ਮੀ ਹੋ ਗਏ। ਹਾਦਸੇ ਦੀ ਜਾਂਚ ਲਈ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਗਏ ਹਨ। ਏਸ਼ੀਆ ਦੇ ਇਸ ਪੰਜ ਰੋਜ਼ਾ ਪ੍ਰੀਮੀਅਰ ਏਅਰ ਸ਼ੋਅ ਦਾ ਆਗਾਜ਼ ਭਲਕੇ ਬੁੱਧਵਾਰ ਤੋਂ ਹੋਣਾ ਹੈ। ਹਾਦਸੇ ਦੀ ਵੀਡੀਓ ਕਲਿੱਪ ਮੁਤਾਬਕ ਅਸਮਾਨ ਵਿੱਚ ਰਿਹਰਸਲ ਦੌਰਾਨ ਕਰਤੱਬ ਵਿਖਾ ਰਹੇ ਦੋ ਜਹਾਜ਼ ਆਪਸ ਵਿੱਚ ਖਹਿਣ ਮਗਰੋਂ ਯੇਲਾਹਾਂਕਾ ਏਅਰਬੇਸ ਨੇੜੇ ਜ਼ਮੀਨ ’ਤੇ ਆਣ ਡਿੱਗੇ ਤੇ ਧਮਾਕੇ ਨਾਲ ਅੱਗ ਦੀਆਂ ਲਪਟਾਂ ਵਿੱਚ ਘਿਰ ਗਏ।
ਡੀਜੀਪੀ ਫਾਇਰ ਸੇਵਾਵਾਂ ਐੱਮ.ਐੱਨ.ਰੈੱਡੀ ਨੇ ਦੱਸਿਆ, ‘ਹਾਦਸੇ ਮੌਕੇ ਜਹਾਜ਼ਾਂ ਵਿੱਚ ਤਿੰਨ ਪਾਇਲਟ ਸਨ। ਇਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਜਦੋਂ ਕਿ ਦੋ ਪਾਇਲਟ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਕੁੱਝ ਸੱਟਾਂ ਲੱਗੀਆਂ ਹਨ।’ ਡਿਫੈਂਸ ਪੀਆਰਓ ਦਫ਼ਤਰ ਨੇ ਮਗਰੋਂ ਇਕ ਬਿਆਨ ਵਿੱਚ ਕਿਹਾ ਕਿ ਹਾਦਸਾ 11:50 ਵਜੇ ਦੇ ਕਰੀਬ ਵਾਪਰਿਆ ਤੇ ਉਸ ਮੌਕੇ ਦੋ ਜਹਾਜ਼ ਹਵਾਈ ਸ਼ੋਅ ਲਈ ਪ੍ਰੈਕਟਿਸ ਕਰ ਰਹੇ ਸਨ। ਹਾਦਸੇ ’ਚ ਮਾਰੇ ਗਏ ਪਾਇਲਟ ਦੀ ਪਛਾਣ ਵਿੰਗ ਕਮਾਂਡਰ ਸਾਹਿਲ ਗਾਂਧੀ ਵਜੋਂ ਹੋਈ ਹੈ, ਜੋ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਜਿਹੜੇ ਦੋ ਪਾਇਲਟ ਜਹਾਜ਼ ਦੇ ਕਰੈਸ਼ ਹੋਣ ਤੋਂ ਪਹਿਲਾਂ ਇਸ ਵਿੱਚੋਂ ਨਿਕਲਣ ਵਿੱਚ ਸਫ਼ਲ ਰਹੇ ਉਨ੍ਹਾਂ ਦੀ ਸ਼ਨਾਖਤ ਵਿੰਗ ਕਮਾਂਡਰ ਵੀ.ਟੀ.ਸ਼ੈਲਕੇ ਤੇ ਸਕੁਐਡਰਨ ਲੀਡਰ ਟੀ.ਜੇ.ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਪਾਇਲਟਾਂ ਨੂੰ ਬੰਗਲੌਰ ਦੇ ਏਅਰਫੋਰਸ ਕਮਾਂਡ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਹਾਦਸਾਗ੍ਰਸਤ ਹੋਏ ਤਾਂ ਸੌ ਤੋਂ ਡੇਢ ਸੌ ਦੇ ਕਰੀਬ ਲੋਕ ਮੌਕੇ ’ਤੇ ਪੁੱਜ ਗਏ। ਉਧਰ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਜਦੋਂ ਹਾਦਸੇ ਬਾਰੇ ਪੁੱਛਿਆ ਤਾਂ ਉਨ੍ਹਾਂ ਇੰਨਾ ਹੀ ਕਿਹਾ ਉਹ ਇਸ ਬਾਰੇ ਜਾਣਦੇ ਹਨ। ਇਸੇ ਦੌਰਾਨ ਬੰਗਲੌਰ ਦੇ ਪੁਲੀਸ ਕਮਿਸ਼ਨਰ ਟੀ. ਸੁਨੀਲ ਕੁਮਾਰ ਨੇ ਕਿਹਾ ਕਿ ਹਾਦਸਾ ਇਸਰੋ ਦੀ ਹੱਦਬੰਦੀ ਨੇੜੇ ਵਾਪਰਿਆ ਹੈ ਤੇ ਇਸ ਕਾਰਨ ਇਕ ਨੇੜਲੇ ਘਰ, ਜਿਸ ਵਿੱਚ ਕੋਈ ਮੌਜੂਦ ਨਹੀਂ ਸੀ, ਨੂੰ ਥੋੜ੍ਹਾ ਨੁਕਸਾਨ ਪੁੱਜਾ ਹੈ।

Previous articleਉਮਰਾਨੰਗਲ ਦਾ ਚਾਰ ਦਿਨਾ ਪੁਲੀਸ ਰਿਮਾਂਡ
Next articleNext generation of artificial intelligence talent to be trained at UK universities