ਦੋ ਪਾਇਲਟਾਂ, ਇਕ ਅਪਰੇਟਰ ਅਤੇ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ
ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ’ਚ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਸੱਤ ਵਿਅਕਤੀ ਹਲਾਕ ਹੋ ਗਏ। ਮਿ੍ਰਤਕਾਂ ਵਿੱਚ ਹੈਲੀਕਾਪਟਰ ਦੇ ਦੋਵੇਂ ਪਾਇਲਟ ਵੀ ਸ਼ਾਮਲ ਹਨ। ਪਾਇਲਟਾਂ ਤੋਂ ਇਲਾਵਾ ਇਸ ਹਾਦਸੇ ਵਿੱਚ ਇਕ ਅਪਰੇਟਰ ਤੇ ਅਮਲੇ ਦੇ ਤਿੰਨ ਹੋਰ ਮੈਂਬਰ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਹੈਲੀਕਾਪਟਰ ਸਵੇਰੇ 10.05 ਵਜੇ ਬੜਗਾਮ ਦੇ ਗਰੇਂਦ ਕਲਾਂ ਪਿੰਡ ਨੇੜੇ ਖੇਤਾਂ ’ਚ ਡਿੱਗਿਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਸੱਤ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ’ਚ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ (31) ਵਾਸੀ ਪਿੰਡ ਬਧਾਨੀ ਜ਼ਿਲ੍ਹਾ ਝੱਜਰ, ਹਰਿਆਣਾ ਅਤੇ ਆਈਏਐਫ ਕਰਮੀ ਪੰਕਜ ਨੌਹਰ ਵਾਸੀ ਮਥੁਰਾ (ਯੂਪੀ) ਸ਼ਾਮਲ ਹਨ। ਇਕ ਵਿਅਕਤੀ ਦੀ ਪਛਾਣ ਸਥਾਨਕ ਨਿਵਾਸੀ ਕਿਫਾਇਤ ਹੁਸੈਨ ਗਨਾਈ ਵਜੋਂ ਹੋਈ ਹੈ ਜਦਕਿ ਬਾਕੀ ਭਾਰਤੀ ਹਵਾਈ ਸੈਨਾ ਦੇ ਜਵਾਨ ਮੰਨੇ ਜਾ ਰਹੇ ਹਨ। ਨਵੀਂ ਦਿੱਲੀ ’ਚ ਅਧਿਕਾਰੀਆਂ ਨੇ ਕਿਹਾ ਕਿ ਐਮਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ। ਇਸ ਤੋਂ ਪਹਿਲਾਂ ਸ੍ਰੀਨਗਰ ’ਚ ਅਧਿਕਾਰੀਆਂ ਨੇ ਕਿਹਾ ਸੀ ਕਿ ਜੈੱਟ ਡਿੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਦੋ ਟੁਕੜੇ ਹੋ ਗਏ ਅਤੇ ਉਸ ’ਚ ਤੁਰੰਤ ਅੱਗ ਲੱਗ ਗਈ ਸੀ।