ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਬੱਦਲਵਾਈ ਤੇ ਹਲਕੇ ਮੀਂਹ ਕਾਰਨ ਮੰਡੀ ’ਚ ਪਹੁੰਚੀ ਕਣਕ ਗਿੱਲੀ ਹੋ ਗਈ। ਆਉਣ ਵਾਲੇ ਦਿਨਾਂ ’ਚ ਮੌਸਮ ਬਦਲਣ ਦੀ ਭਵਿੱਖਬਾਣੀ ਨਾਲ ਕਿਸਾਨਾਂ ਦਾ ਸੋਨਾ (ਕਣਕ ਦੀ ਫਸਲ) ਮਿੱਟੀ ਬਣਨ ਦਾ ਖ਼ਤਰਾ ਬਣਿਆ ਹੋਇਆ ਹੈ। ਪਿੰਡ ਮਾਜਰੀ ਦੇ ਕਿਸਾਨ ਯਾਸੀਨ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੇ 35 ਏਕੜ ਜ਼ਮੀਨ ’ਚ ਕਣਕ ਲਾਈ ਹੋਈ ਹੈ, ਜੋ ਪੱਕ ਕੇ ਤਿਆਰ ਹੈ। 1-2 ਦਿਨਾਂ ’ਚ ਫ਼ਸਲ ਦੀ ਕਟਾਈ ਸ਼ੁਰੂ ਕਰਨੀ ਸੀ ਪਰ ਖ਼ਰਾਬ ਮੌਸਮ ਕਾਰਨ ਹੁਣ ਦੇਰੀ ਹੋ ਸਕਦੀ ਹੈ। ਮੀਂਹ ਨਾਲ ਕਣਕ ਦਾ ਭਾਰੀ ਨੁਕਸਾਨ ਹੋਵੇਗਾ। ਪਿੰਡ ਰਸੂਲੜਾ ਦੇ ਕਿਸਾਨ ਜਸਵੀਰ ਸਿੰਘ ਨੇ ਕਿਹਾ ਕਿ ਮੀਂਹ ਦੇ ਨਾਲ ਕਣਕ ਦਾ ਦਾਣਾ ਖਰਾਬ ਹੋ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਚ ਫਸਲ ਵੇਚਣ ਲਈ ਵੀ ਔਕੜਾਂ ਆਉਣਗੀਆਂ। ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਨੇ ਵੀ ਮੰਨਿਆ ਕਿ ਇਸ ਸਮੇਂ ਮੀਂਹ ਦੇ ਨਾਲ ਕਣਕ ਦਾ ਨੁਕਸਾਨ ਹੀ ਨੁਕਸਾਨ ਹੈ। ਉੱਧਰ, ਖੰਨਾ ਮੰਡੀ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਨੇ ਦੱਸਿਆ ਕਿ 13 ਅਪਰੈਲ ਤੱਕ 230 ਕੁਇੰਟਲ ਦੇ ਕਰੀਬ ਕਣਕ ਦੀ ਖਰੀਦ ਹੋ ਗਈ ਸੀ। ਜੇਕਰ ਮੌਸਮ ਬਦਲਦਾ ਹੈ ਤਾਂ ਇੱਕ ਵਾਰ ਫਿਰ ਤੋਂ ਮੰਡੀਆਂ ਚ ਫਸਲ ਦਾ ਇੰਤਜ਼ਾਰ ਕਰਨਾ ਪੈ ਸਕਦਾ। ਇਸ ਨਾਲ ਫਸਲ ’ਚ ਨਮੀ ਵਧਣ ਕਰਕੇ ਕਿਸਾਨ ਵੀ ਪ੍ਰੇਸ਼ਾਨ ਹੋਣਗੇ।
INDIA ਹਲਕੇ ਮੀਂਹ ਤੇ ਬੱਦਲਵਾਈ ਨੇ ਕਿਸਾਨਾਂ ਦੇ ਸਾਹ ਸੂਤੇ