ਹਲਕਾ ਕਰਤਾਰਪੁਰ ਵਿੱਚ ਵਿਰੋਧੀ ਧਿਰਾਂ ਖਿਲਾਫ ਕੀਤੇ ਜਾ ਰਹੇ ਨਜਾਇਜ਼ ਪਰਚੇ ਤੇ ਗਿ੍ਰਫਤਾਰੀਆਂ

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ

-ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਵਿਰੋਧੀਆਂ ਖਿਲਾਫ ਕੀਤੀ ਜਾ ਰਹੀ ਹੈ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ : ਐਡਵੋਕੇਟ ਬਲਵਿੰਦਰ ਕੁਮਾਰ

-ਨਸ਼ੇ ਖਿਲਾਫ ਆਵਾਜ਼ ਰੋਕਣ ਲਈ ਬਸਪਾ ਵਰਕਰਾਂ ’ਤੇ ਦਰਜ ਕੀਤਾ ਗਿਆ ਝੂਠਾ ਪਰਚਾ

ਜਲੰਧਰ।(Samajweekly) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਲਗਾਤਾਰ ਸੱਤ੍ਹਾ ਵਿਰੋਧੀ ਧਿਰਾਂ ’ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਨਜਾਇਜ਼ ਤੌਰ ’ਤੇ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਹਲਕੇ ਵਿੱਚ ਇਹ ਕੰਮ ਪਿਛਲੇ ਕਰੀਬ ਦੋ ਸਾਲਾਂ ਤੋਂ ਜਾਰੀ ਹੈ, ਜਦੋਂ ਤੋਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਹਲਕੇ ਤੋਂ ਚੁਣੇ ਗਏ ਹਨ।
ਉਨ੍ਹਾਂ ਕਿਹਾ ਕਿ ਹਲਕੇ ਵਿੱਚ ਪੁਲਿਸ ਪੂਰੀ ਤਰ੍ਹਾਂ ਨਾਲ ਕੈਬਨਿਟ ਮੰਤਰੀ ਦੇ ਪ੍ਰਭਾਵ ਹੇਠ ਕੰਮ ਕਰ ਰਹੀ ਹੈ ਤੇ ਇਸੇ ਪ੍ਰਭਾਵ ਵਿੱਚ ਵਿਰੋਧੀ ਧਿਰਾਂ, ਖਾਸ ਕਰਕੇ ਬਸਪਾ-ਅਕਾਲੀ ਵਰਕਰਾਂ ਅਤੇ ਆਗੂਆਂ ’ਤੇ ਲਗਾਤਾਰ ਝੂਠੇ ਪਰਚੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਅਕਾਲੀ-ਬਸਪਾ ਗੱਠਜੋੜ ਤਹਿਤ ਜੋ ਵਰਕਰ ਤੇ ਸਥਾਨਕ ਆਗੂ ਆਪ ਮੰਤਰੀ ਬਲਕਾਰ ਸਿੰਘ ਖਿਲਾਫ ਭੁਗਤੇ ਸਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਕਾਲੀ-ਬਸਪਾ ਗੱਠਜੋੜ ਦੇ ਹਮਾਇਤੀ ਰਹੇ ਲਖਵੀਰ ਦੁੱਗਰੀ ਨੂੰ ਸਿਰਫ ਇਸ ਕਰਕੇ ਜੇਲ੍ਹ ਭੇਜਿਆ ਗਿਆ, ਕਿਉਂਕਿ ਉਹ ਪਿੰਡ ਵਿੱਚ ਸੱਤ੍ਹਾਧਾਰੀ ਧਿਰ ਦੇ ਵਿਰੋਧੀ ਸਨ ਤੇ 2022 ਵਿੱਚ ਉਨ੍ਹਾਂ ਨੇ ਅਕਾਲੀ-ਬਸਪਾ ਗੱਠਜੋੜ ਦੀ ਹਮਾਇਤ ਕੀਤੀ ਸੀ। ਜਦਕਿ ਦੂਜੇ ਪਾਸੇ ਸੱਤ੍ਹਾਧਾਰੀ ਧਿਰ ਨਾਲ ਸਬੰਧਤ ਲੋਕਾਂ ਵੱਲੋਂ ਪਿੰਡ ਬਾਜੜੇ ਵਿੱਚ ਇੱਕ ਪਰਿਵਾਰ ’ਤੇ ਹਮਲਾ ਕਰਕੇ ਉਨ੍ਹਾਂ ਦੀਆਂ ਬਾਂਹਾਂ ਤੋੜਨ ਦੇ ਬਾਵਜੂਦ ਪੁਲਿਸ ਨੇ ਇੱਕ ਮਹੀਨੇ ਤੱਕ ਪਰਚਾ ਨਹੀਂ ਕੀਤਾ, ਗਿ੍ਰਫਤਾਰੀ ਤਾਂ ਬਹੁਤ ਦੂਰ ਦੀ ਗੱਲ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਲਕਾਰ ਸਿੰਘ ਦੇ ਮੰਤਰੀ ਹੁੰਦਿਆਂ ਵੀ ਹਲਕਾ ਕਰਤਾਰਪੁਰ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਹੈ ਤੇ ਹਲਕੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਜਦੋਂ ਬਸਪਾ ਵੱਲੋਂ ਇਸ ਨਸ਼ੇ ਦੇ ਖਿਲਾਫ ਪ੍ਰਦਰਸ਼ਨ ਕੀਤਾ ਤਾਂ ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਖੁਦ ਹੀ ਹਾਈਵੇ ਬਲਾਕ ਕਰਕੇ 163 ਬਸਪਾ ਵਰਕਰਾਂ ’ਤੇ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ। ਥਾਣਾ ਮਕਸੂਦਾਂ ਦੇ ਇਲਾਕੇ ਸਮੇਤ ਕਰਤਾਰਪੁਰ ਹਲਕੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ ਤੇ ਲੋਕਾਂ ਦੀਆਂ ਮੌਤਾ ਹੋ ਰਹੀਆਂ ਹਨ। ਬਸਪਾ ਆਗੂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰਾਂ ਖਿਲਾਫ ਨਜਾਇਜ਼ ਕਾਰਵਾਈ ਕਰਨ ਵਾਲੇ ਅਫਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਪੁਲਿਸ ਵੱਲੋਂ ਇੱਕ ਤਾਂ ਸੱਤ੍ਹਾਧਾਰੀ ਧਿਰ ਦੇ ਦਬਾਅ ਹੇਠ ਵਿਰੋਧੀ ਧਿਰਾਂ ’ਤੇ ਪਰਚੇ ਪਾਏ ਜਾਂਦੇ ਹਨ ਤੇ ਫਿਰ ਪਰਚੇ ਦੇ ਨਾਂ ਹੇਠ ਉਨ੍ਹਾਂ ਦੀਆਂ ਨਾਗਰਿਕ ਸੇਵਾਵਾਂ ਰੋਕਣ ਦਾ ਕੰਮ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਹੀ ਪਿਛਲੇ ਸਮੇਂ ਵਿੱਚ ਪਿੰਡ ਮੰਨਣ, ਕਰਤਾਰਪੁਰ ਸ਼ਹਿਰ, ਨਾਹਲਾਂ, ਕਲਿਆਣਪੁਰ ਤੇ ਹੋਰ ਪਿੰਡ ਵਿੱਚ ਨਜਾਇਜ਼ ਪਰਚੇ ਕੀਤੇ ਗਏ ਹਨ ਅਤੇ ਵਿਰੋਧੀ ਧਿਰਾਂ ਨੂੰ ਝੂਠੇ ਪਰਚਿਆਂ ਤੇ ਝੂਠੀਆਂ ਸ਼ਿਕਾਇਤਾਂ ਦੇ ਰਾਹੀਂ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਆਪ ਦੇ ਰਾਜ ਵਿੱਚ ਪ੍ਰਸ਼ਾਸਨ ਲੋਕਾਂ ਪ੍ਰਤੀ ਇਨਸਾਫ ਵਾਲੀ ਜ਼ਿੰਮੇਵਾਰੀ ਨਿਭਾਉਣ ਤੋਂ ਪੂਰੀ ਤਰ੍ਹਾਂ ਨਾਲ ਥਿੜਕ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬੇਇਨਸਾਫੀ ਤੇ ਧੱਕੇਸ਼ਾਹੀ ਵਾਲੀ ਸਥਿਤੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸਦੇ ਵਿਰੋਧ ਵਿੱਚ ਬਸਪਾ ਵੱਲੋਂ ਆਪ ਸਰਕਾਰ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਸਪਾ ਆਗੂ ਸ਼ਾਦੀ ਲਾਲ ਬੱਲ, ਅਮਰਜੀਤ ਸਿੰਘ ਨੰਗਲ, ਗਿਆਨ ਚੰਦ, ਪ੍ਰਭਜਿੰਦਰ ਸਿੰਘ ਪੱਤੜ, ਕਮਲ ਬਾਦਸ਼ਾਹਪੁਰ, ਸੋਹਣ ਕੁਰਾਲਾ, ਪਾਲੀ ਹੁਸੈਨਪੁਰ, ਜੱਸੀ ਤਾਜਪੁਰ, ਸ਼ਾਮ ਕਟਾਰੀਆ, ਟੀਟੂ ਰੰਧਾਵਾ ਆਦਿ ਆਗੂ ਵੀ ਮੌਜ਼ੂਦ ਸਨ।

Previous article26 ਦਸੰਬਰ ਜਨਮ ਦਿਹਾੜੇ ਤੇ ਵਿਸ਼ੇਸ਼ ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਦਾ ਚਿੰਨ੍ਹ ਹੈ ਊਧਮ ਸਿੰਘ-ਅਮੋਲਕ ਸਿੰਘ 
Next articleਪੰਜਾਬ