ਸ੍ਰੀਦੇਵੀ ਤਲਾਬ ਮੰਦਰ ’ਚ 28 ਦਸੰਬਰ ਤੋਂ ਸ਼ੁਰੂ ਹੋਣ ਵਾਲੇ 143ਵੇਂ ਹਰਿਵੱਲਭ ਸੰਗੀਤ ਸੰਮੇਲਨ ਦੀ ਇਸ ਵਾਰ ਇਹ ਖ਼ਾਸੀਅਤ ਰਹੇਗੀ ਕਿ ਅੱਧੀ ਸਦੀ ਪਹਿਲਾਂ ਇਥੇ ਵੱਜਿਆ ਸਾਜ਼ ਇਸ ਵਾਰ ਵੀ ਸੰਗੀਤ ਪ੍ਰੇਮੀਆਂ ਦੀ ਰੂਹ ਸ਼ਰਸਾਰ ਕਰੇਗਾ। ਵਿਆਹ-ਸ਼ਾਦੀਆਂ ਮੌਕੇ ਸ਼ਹਿਨਾਈ ਵਰਗੇ ਇਸ ਸਾਜ਼ ਨੂੰ ਪੰਜਾਬ ਦੇ ਲੋਕ ਦੇਸੀ ਭਾਸ਼ਾ ਵਿੱਚ ਪੀਪਨੀ ਵੀ ਕਹਿੰਦੇ ਹਨ। ਹੁਣ ਇਹ ਸਾਜ਼ ਵਿਆਹ-ਸ਼ਾਦੀਆਂ ਵਿੱਚੋਂ ਵੀ ਅਲੋਪ ਹੁੰਦਾ ਜਾ ਰਿਹਾ ਹੈ। ਹਾਲਾਂਕਿ ਇਹ ਪੱਛਮੀ ਸਾਜ਼ ਹੈ ਪਰ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਇਹ ਪਹਿਲਾਂ ਵੀ ਵੱਜ ਚੁੱਕਾ ਹੈ। ਹਰਿਵੱਲਭ ਸੰਗੀਤ ਸੰਮੇਲਨ ਬਾਰੇ ਕਿਤਾਬ ਲਿਖਣ ਵਾਲੇ ਰਾਕੇਸ਼ ਦਾਦਾ ਨੇ ਦੱਸਿਆ ਕਿ 1960ਵਿਆਂ ਵਿੱਚ ਇਹ ਸਾਜ਼ ਜਲੰਧਰ ਦੇ ਰਹਿਣ ਵਾਲੇ ਬਿਹਾਰੀ ਲਾਲ ਵਜਾਇਆ ਕਰਦੇ ਸਨ। ਇਸ ਵਾਰ 143ਵੇਂ ਸੰਗੀਤ ਸੰਮੇਲਨ ਵਿੱਚ 30 ਦਸੰਬਰ ਦੀ ਅੱਧੀ ਰਾਤ ਨੂੰ ਇਹ ਸ਼ਹਿਨਾਈ 50 ਸਾਲਾਂ ਬਾਅਦ ਫਿਰ ਵੱਜੇਗੀ। ਇਸ ਨੂੰ ਵਜਾਉਣ ਵਾਲੇ ਪੰਡਿਤ ਨਰਸਿਮਹੁਲਾ ਵੇਦਾਵਤੀ ਹਨ ਅਤੇ ਉਨ੍ਹਾਂ ਦਾ ਸਾਥ ਵੈਂਕਟੇਸ਼ਵਰ ਵੇਦਾਵਤੀ ਦੇਣਗੇ। ਰਾਕੇਸ਼ ਦਾਦਾ ਦਾ ਕਹਿਣਾ ਸੀ ਕਿ ਕਰਨਾਟਕ ਦੇ ਲੋਕਾਂ ਨੇ ਤਾਂ ਇਸ ਸਾਜ਼ ਨੂੰ ਆਪਣੇ ਸੰਗੀਤ ਅਨੁਸਾਰ ਢਾਲ ਲਿਆ ਸੀ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਸੰਗੀਤ ਪ੍ਰਤੀਯੋਗਿਤਾ ਲਈ 200 ਤੋਂ ਵੱਧ ਨੌਜਵਾਨ ਕਲਾਕਾਰ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਵਿੱਚ ਰਵਾਇਤੀ ਸੰਗੀਤ ਨੂੰ ਜਿਊਂਦਾ ਰੱਖਣ ਅਤੇ ਉਸ ਨਾਲ ਜੁੜਨ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਕੇਵਲ ਨੌਜਵਾਨ ਪੀੜ੍ਹੀ ਆਪਣੇ ਹੁਨਰ ਨੂੰ ਹੋਰ ਤਰਾਸ਼ੇਗੀ ਸਗੋਂ ਆਪਣੇ ਅਮੀਰ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਵੀ ਵੱਧ ਯੋਗਦਾਨ ਪਾ ਸਕੇਗੀ। ਸ੍ਰੀ ਬਾਲਾਮੁਰੂਗਨ ਨੇ ਕਿਹਾ ਕਿ ਉਹ ਮਹਾਨ ਸੰਗੀਤ ਸੰਮੇਲਨ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ, ਜਨਰਲ ਸਕੱਤਰ ਦੀਪਕ ਬਾਲੀ ਅਤੇ ਹੋਰਨਾਂ ਵੱਲੋਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ।
HOME ਹਰਿਵੱਲਭ ਸੰਗੀਤ ਸੰਮੇਲਨ: ਅੱਧੀ ਸਦੀ ਬਾਅਦ ਗੂੰਜੇਗੀ ‘ਸ਼ਹਿਨਾਈ’