ਚੰਡੀਗੜ੍ਹ (ਸਮਾਜ ਵੀਕਲੀ):ਹਰਿਆਣਾ ਵਿੱਚ ਵਧਦੇ ਜਾ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਹਰਿਆਣਾ ਸਰਕਾਰ ਨੇ ਸੂਬੇ ਵਿੱਚ ‘ਮਹਾਮਾਰੀ ਅਲਰਟ’ (ਲੌਕਡਾਊਨ) ਲਗਾਉਂਦੇ ਹੋਏ 17 ਮਈ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ। ਇਸ ਬਾਰੇ ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕੁਝ ਹੋਰ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਜਾਂ ਸਸਕਾਰ ਵਿੱਚ ਸਿਰਫ਼ 11 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ।
ਪਹਿਲਾਂ ਵਿਆਹ ਸਮਾਗਮ ਵਿੱਚ 50 ਅਤੇ ਸਸਕਾਰ ਵਿੱਚ 20 ਜਣੇ ਸ਼ਾਮਲ ਹੋ ਸਕਦੇ ਸਨ। ਇਸ ਤੋਂ ਇਲਾਵਾ ਸੂਬੇ ਵਿੱਚ ਜਲੂਸ, ਬਰਾਤ ਜਾਂ ਜਨਤਕ ਇਕੱਠ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਬੀਪੀਐੱਲ ਪਰਿਵਾਰਾਂ ਦਾ ਕੰਮਕਾਜ ਬੰਦ ਹੋ ਜਾਂਦਾ ਹੈ। ਇਸ ਲਈ ਬੀਪੀਐੱਲ ਪਰਿਵਾਰਾਂ ਦੇ ਕੋਵਿਡ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਦੌਰਾਨ 5 ਹਜ਼ਾਰ ਰੁਪਏ ਸਿੱਧੇ ਖਾਤੇ ਵਿੱਚ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਆਕਸੀਜਨ ਦੀ ਘਾਟ ਦੇ ਚਲਦਿਆਂ ਤਿੰਨ ਐੱਮਟੀ ਆਕਸੀਜਨ ਦਿੱਤੀ ਗਈ ਹੈ। ਸੂਬੇ ਦੇ ਪਿੰਡਾਂ ਵਿੱਚ ਕਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਸਬੰਧੀ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਹਰ ਪਿੰਡ ਵਿੱਚ ਇਕਾਂਤਵਾਸ ਕੇਂਦਰ ਬਣਾਇਆ ਜਾਵੇਗਾ।
ਜਿਸ ਲਈ ਹਰੇਕ ਪਿੰਡ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਇਕਾਂਤਵਾਸ ਕੇਂਦਰ ਵਿੱਚ ਆਕਸੀਮੀਟਰ, ਭਾਫ਼ ਵਾਲੀ ਮਸ਼ੀਨ, ਥਰਮਾ ਮੀਟਰ, ਬੀਪੀ ਜਾਂਚ ਮਸ਼ੀਨ ਅਤੇ ਕਰੋਨਾ ਬਿਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦਿੱਤੀਆਂ ਜਾਣਗੀਆਂ। ਜੇਜੇਪੀ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮਹਾਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਪਾਰਟੀ ਆਗੂਆਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ ਹੈ। ਚੌਟਾਲਾ ਨੇ ਪਾਰਟੀ ਆਗੂਆਂ ਨੂੰ ਸੂਬੇ ਦਾ ਇਕ-ਇਕ ਪਿੰਡ ਗੋਦ ਲੈਣ ਦੀ ਹਦਾਇਤ ਦਿੱਤੀ ਹੈ।