ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਸਰਕਾਰ ਖ਼ਿਲਾਫ਼ ਲਿਆਂਦੇ ਗਏ ਬੋਭਰੋਸਗੀ ਮਤੇ ਦੀ ਖ਼ਿਲਾਫ਼ਤ ਕਰਨ ਵਾਲੇ ਭਾਜਪਾ-ਜੇਜੇਪੀ ਗੱਠਜੋੜ ਦੇ ਨਾਲ-ਨਾਲ ਆਜ਼ਾਦ ਵਿਧਾਇਕਾਂ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਅੱਜ ਹਰਿਆਣਾ ਵਿੱਚ ਗੱਠਜੋੜ ਦੇ ਪੰਜ ਵੱਡੇ ਸਮਾਗਮ ਰੱਖੇ ਗਏ ਸਨ ਜਿਨ੍ਹਾਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ, ਇਕ ਸੰਸਦ ਮੈਂਬਰ ਅਤੇ ਤਿੰਨ ਵਿਧਾਇਕਾਂ ਨੇ ਪਹੁੰਚਣਾ ਸੀ ਪਰ ਕਿਸਾਨਾਂ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਰੋਧ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਕਰ ਕੇ ਸਾਰੇ ਸਮਾਗਮ ਰੱਦ ਕਰਨੇ ਪਏ। ਇਸ ਦੌਰਾਨ ਕਿਸਾਨ ਆਗੂਆਂ ਨੇ ਗੱਠਜੋੜ ਸਰਕਾਰ ਨਾਲ ਸਬੰਧ ਰੱਖਣ ਵਾਲੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰਨਾਂ ਆਗੂਆਂ ਦੇ ਸਿਆਸੀ ਤੇ ਸਮਾਜਿਕ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ।
ਝੱਜਰ ਦੇ ਗੁਰੂਕੁਲ ਵਿੱਚ ਰੱਖੇ ਸਾਲਾਨਾ ਸਮਾਗਮ ਵਿੱਚ ਭਾਜਪਾ ਸੂਬਾ ਪ੍ਰਧਾਨ ਓਪੀ ਧਨਖੜ ਨੇ ਬਤੌਰ ਮੁੱਖ ਮਹਿਮਾਨ ਜਾਣਾ ਸੀ ਪਰ ਧਨਖੜ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਗੁਰੂਕੁਲ ਨੂੰ ਜਾਣ ਵਾਲੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਧਨਖੜ ਉਕਤ ਸਮਾਗਮ ਵਿੱਚ ਨਹੀਂ ਗਏ। ਇਸੇ ਤਰ੍ਹਾਂ ਭਿਵਾਨੀ ਦੇ ਪਿੰਡ ਇਸਰਵਾਲ ਵਿੱਚ ਸੰਸਦ ਮੈਂਬਰ ਧਰਮਵੀਰ ਨੇ ਆਪਣੇ ਸਿਆਸੀ ਗੁਰੂ ਅਤੇ ਸਾਬਕਾ ਮੰਤਰੀ ਜਗਨਨਾਥ ਦੇ ਸ਼ਰਧਾਂਜਲੀ ਸਮਾਗਮ ਵਿੱਚ ਜਾਣਾ ਸੀ। ਕਿਸਾਨਾਂ ਨੇ ਸਮਾਗਮ ਨੂੰ ਜਾਣ ਵਾਲੀਆਂ ਸੜਕਾਂ ’ਤੇ ਟਰੈਕਟਰ ਖੜ੍ਹੇ ਕਰ ਕੇ ਸਾਰੇ ਰਾਹ ਬੰਦ ਕਰ ਦਿੱਤੇ ਜਿਸ ਕਰ ਕੇ ਸੰਸਦ ਮੈਂਬਰ ਧਰਮਵੀਰ ਨੂੰ ਆਪਣਾ ਸਮਾਗਮ ਰੱਦ ਕਰਨਾ ਪਿਆ।
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਦੇ ਜਨਮ ਦਿਨ ਸਬੰਧੀ ਕੁਰੂਕਸ਼ੇਤਰ ਦੇ ਸਰਕਟ ਹਾਊਸ ਵਿੱਚ ਸਮਾਗਮ ਰੱਖਿਆ ਹੋਇਆ ਸੀ ਜਿੱਥੇ ਜੇਜੇਪੀ ਵਿਧਾਇਕ ਰਾਮ ਕੁਮਾਰ ਕਾਲਾ ਨੇ ਪਹੁੰਚ ਕੇ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰਨਾ ਸੀ। ਸਮਾਗਮ ਦੀ ਜਾਣਕਾਰੀ ਮਿਲਦੇ ਹੀ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਟ ਹਾਊਸ ਦੇ ਬਾਹਰ ਜਿੰਦਰਾ ਲਗਾ ਦਿੱਤਾ। ਕਿਸਾਨਾਂ ਦੇ ਰੋਹ ਦੇ ਮੱਦੇਨਜ਼ਰ ਜੇਜੇਪੀ ਆਗੂਆਂ ਨੂੰ ਸਮਾਗਮ ਰੱਦ ਕਰਨਾ ਪਿਆ। ਕੁਰੂਕਸ਼ੇਤਰ ਵਿੱਚ ਹੀ ਵਿਧਾਇਕ ਰਣਧੀਰ ਗੋਲਾਨ ਨੇ ਸਿਆਸੀ ਮੀਟਿੰਗ ਵਿੱਚ ਜਾਣਾ ਸੀ ਜਿੱਥੇ ਉਹ ਨਾ ਪਹੁੰਚ ਸਕੇ। ਇਸੇ ਤਰ੍ਹਾਂ ਆਜ਼ਾਦ ਵਿਧਾਇਕ ਧਰਮਪਾਲ ਗੌਂਦੜ ਨੇ ਕਰਨਾਲ ਦੇ ਪਿੰਡ ਨੀਲੋਖੇੜੀ ਦੀ ਗਊਸ਼ਾਲਾ ਦੇ ਸਾਲਾਨਾ ਸਮਾਗਮ ਵਿੱਚ ਜਾਣਾ ਸੀ ਪਰ ਕਿਸਾਨਾਂ ਦੇ ਰੋਹ ਕਾਰਨ ਉਹ ਨਹੀਂ ਗਏ।