ਮਾਨਸਾ (ਸਮਾਜ ਵੀਕਲੀ) : ਹਰਿਆਣਾ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਭਰ ‘ਚ ਸੰਘਰਸ਼ੀ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਵੱਖ-ਵੱਖ ਥਾਵਾਂ ਉੱਪਰ ਚੱਕਾ ਜਾਮ ਕੀਤਾ। ਇਹ ਬੰਦ ਹਰਿਆਣਾ ਦੇ ਕਿਸਾਨਾਂ ਉੱਤੇ ਸਿਰਸਾ ‘ਚ ਭਾਜਪਾ ਸਰਕਾਰ ਦੀ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਕੀਤਾ ਗਿਆ ਹੈ। ਜਥੇਬੰਦੀਆਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ। ਮਾਨਸਾ ਜ਼ਿਲ੍ਹੇ ਵਿਚ ਇਹ ਜਾਮ ਲੁਧਿਆਣਾ- ਸਿਰਸਾ ਮੁੱਖ ਮਾਰਗ ‘ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਲਾਇਆ ਗਿਆ ਹੈ,ਜਿਸ ਨਾਲ ਸਾਰੇ ਰੂਟਾਂ ਉਤੇ ਆਵਾਜਾਈ ਬੰਦ ਹੋ ਗਈ ਹੈ।
ਬਠਿੰਡਾ (ਸਮਾਜ ਵੀਕਲੀ) :ਇਥੋਂ ਦੇ ਆਈਟੀਆਈ ਚੌਕ ’ਚ ਲੱਗੇ ਕਿਸਾਨ ਧਰਨੇ ਕਾਰਨ ਡੱਬਵਾਲੀ, ਤਲਵੰਡੀ ਸਾਬੋ, ਰਾਮਾ, ਮਾਨਸਾ, ਮੌੜ ਵੱਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਇਥੋਂ ਦੇ ਬੈਸਟ ਪ੍ਰਾਈਸ ਮਾਲ ਅੱਗੇ ਵੀ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ’ਚ ਭੁੱਚੋ ਖੁਰਦ, ਲਹਿਰਾ ਬੇਗਾ, ਰਾਮਪੁਰਾ, ਮਾਈਸਰਖਾਨਾ, ਸੰਗਤ ਕੈਂਚੀਆਂ, ਮੌੜ, ਭਗਤਾ, ਜੀਦਾ ਆਦਿ ਥਾਵਾਂ ’ਤੇ ਵੀ ਸੜਕੀ ਜਾਮ ਦੀ ਸੂਚਨਾ ਹੈ। ਇਨ੍ਹਾਂ ਧਰਨਿਆਂ ਵਿਚ ਭਾਕਿਯੂ (ਉਗਰਾਹਾਂ), ਭਾਕਿਯੂ (ਸਿੱਧੂਪੁਰ), ਕੁਲ ਹਿੰਦ ਕਿਸਾਨ ਸਭਾ, ਭਾਕਿਯੂ (ਡਕੌਂਦਾ), ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਕਿਯੂ (ਮਾਨਸਾ), ਦਿਹਾਤੀ ਮਜ਼ਦੂਰ ਸਭਾ ਆਦਿ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਭਰਾਤਰੀ ਸੰਗਠਨ ਸ਼ਾਮਿਲ ਹਨ।