ਹਰਿਆਣਾ ਜਬਰ ਜਨਾਹ ਮਾਮਲਾ: ਮੁੱਖ ਮੁਲਜ਼ਮ ਸਮੇਤ ਤਿੰਨ ਗ੍ਰਿਫ਼ਤਾਰ

ਹਰਿਆਣਾ ਜਬਰ ਜਨਾਹ ਮਾਮਲੇ ਦੀ ਜਾਂਚ ਲਈ ਬਣਾਈ ਅੱਠ ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਮੁੱਖ ਮੁਲਜ਼ਮ ਨਿਸ਼ੂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋ ਮੁਲਜ਼ਮ ਪੰਕਜ (ਫੌਜੀ ਜਵਾਨ) ਅਤੇ ਮਨੀਸ਼ ਹਾਲੇ ਫਰਾਰ ਹਨ। ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੀਜੀਪੀ ਬੀਐਸ ਸੰਧੂ ਨੂੰ ਤਲਬ ਕੀਤਾ ਅਤੇ ਉਨ੍ਹਾਂ ਤੋਂ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮਾਮਲੇ ਵਿੱਚ ਤੇਜ਼ੀ ਵਰਤਣ ਦਾ ਦਬਾਅ ਪੈਣ ’ਤੇ ਪੁਲੀਸ ਨੇ ਡਾਕਟਰ ਸੰਜੀਵ ਅਤੇ ਟਿਊਬਵੈੱਲ ਮਾਲਕ ਦੀਨਦਿਆਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਘਟਨਾ ਦੀਨਦਿਆਲ ਦੇ ਟਿਊਬਵੈੱਲ ਨੇੜੇ ਸਥਿਤ ਕਮਰੇ ਵਿੱਚ ਵਾਪਰੀ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਖੱਟਰ ਜੋ ਜਲੰਧਰ ਵਿੱਚ ਇਕ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ, ਆਪਣਾ ਦੌਰਾ ਖਤਮ ਕਰ ਕੇ ਦੁਪਹਿਰੇ ਚੰਡੀਗੜ੍ਹ ਪਰਤ ਆਏ। ਮੁੱਖ ਮੰਤਰੀ ਨੇ ਡੀਜੀਪੀ ਨੂੰ ਛੇਤੀ ਤੋਂ ਛੇਤੀ ਤਿੰਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਸੀ। ਦੂਜੇ ਪਾਸੇ ਰੇਵਾੜੀ ਦੇ ਐਸਪੀ ਰਾਜੇਸ਼ ਦੁੱਗਲ ਜਿਸ ’ਤੇ ਮੁਲਜ਼ਮਾਂ ਖਿਲਾਫ਼ ਤੁਰਤ ਐਕਸ਼ਨ ਨਾ ਲੈਣ ਦਾ ਦੋਸ਼ ਹੈ ਨੂੰ ਹਟਾ ਦਿੱਤਾ ਗਿਆ ਹੈ। ਉਸ ਦੀ ਥਾਂ ਮੁੱਖ ਮੰਤਰੀ ਸੁਰੱਖਿਆ ਦੇ ਐਸਪੀ ਰਾਹੁਲ ਨੂੰ ਲਾਇਆ ਗਿਆ ਹੈ। ਪੀੜਤਾ ਦੀ ਮਾਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੁਆਵਜ਼ੇ ਵਜੋਂ ਦਿੱਤੇ 2 ਲੱਖ ਰੁਪਏ ਦਾ ਚੈੱਕ ਮੋੜਨ ਦਾ ਫੈਸਲਾ ਕੀਤਾ ਹੈ। ਪੁਲੀਸ ਨੇ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਹਰਿਆਣਾ ਪੁਲੀਸ ਨੇ ਘਟਨਾ ਦੀ ਜਾਂਚ ਲਈ ਮੇਵਾਤ ਦੀ ਐਸਪੀ ਨਾਜ਼ਨੀਨ ਭਸੀਨ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ।

Previous articleਅਮਨ ਲਈ ਦੇਵਾਂਗੇ ਹਰ ਕੁਰਬਾਨੀ: ਬਾਦਲ
Next articleਅਕਾਲੀ ਦਲ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਿਆ: ਜਾਖੜ