ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਨੇ ਅੱਜ ਕਿਹਾ ਕਿ ਕਾਂਗਰਸ ਸੂਬਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚਾਹੁੰਦੀ ਹੈ ਤਾਂ ਜੋ ਮਨੋਹਰ ਲਾਲ ਖੱਟਰ ਦੀ ਸਰਕਾਰ ਵਿਰੁਧ ਬੇਭਰੋਸਗੀ ਦਾ ਮਤਾ ਲਿਆਂਦਾ ਜਾ ਸਕੇ, ਪ੍ਰੰਤੂੁ ਇਸ ਮੁੱਦੇ ’ਤੇ ਕਈ ਵਾਰ ਰਾਜਪਾਲ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਮੁਲਾਕਾਤ ਲਈ ਸਮਾਂ ਨਹੀਂ ਮਿਲਿਆ।
ਵਿਰੋਧੀ ਧਿਰ ਦੇ ਆਗੂ ਹੁੱਡਾ ਨੇ ਕਿਹਾ ਕਿ ਸੂਬੇ ਦੀ ਭਾਜਪਾ-ਜਜਪਾ ਸਰਕਾਰ ਤੋਂ ਸੱਤ ’ਚੋਂ ਦੋ ਆਜ਼ਾਦ ਵਿਧਾਇਕਾਂ ਨੇ ਸਮਰਥਨ ਵਾਪਸ ਲੈ ਲਿਆ ਹੈ, ਜਦਕਿ ਕਈ ਜਜਪਾ ਵਿਧਾਇਕ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆਏ ਹਨ। ਹੁੱਡਾ ਨੇ ਕਿਹਾ, ‘‘ਅਸੀਂ ਪਹਿਲਾਂ ਰਾਜਪਾਲ ਨੂੰ ਵਿਸ਼ੇਸ਼ ਇਜਲਾਸ ਸੱਦਣ ਦੀ ਬੇਨਤੀ ਕਰਦਿਆਂ ਪੱਤਰ ਲਿਖਿਆ ਸੀ, ਜਿਸ ਵਿੱਚ ਕਿਹਾ ਸੀ ਕਿ ਕਾਂਗਰਸ ਬੇਭਰੋਸਗੀ ਮਤਾ ਲਿਆਉਣਾ ਚਾਹੁੰਦੀ ਹੈ ਕਿਉਂਕਿ ਇਹ ਸਰਕਾਰ ਲੋਕਾਂ ਅਤੇ ਵਿਧਾਇਕਾਂ ਦਾ ਭਰੋਸਾ ਗੁਆ ਚੁੱਕੀ ਹੈ।’’ ਹੁੱਡਾ ਨੇ ਕਿਹਾ, ‘‘ਸਾਨੂੰ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਅਸੀਂ ਮੁੜ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਪ੍ਰੰਤੂ ਸਾਨੂੰ ਇਹ ਕਿਹਾ ਗਿਆ ਕਿ ਉਹ ਕੋਵਿਡ-19 ਕਾਰਨ ਮਿਲ ਨਹੀਂ ਸਕਦੇ।’’
ਦੱਸਣਯੋਗ ਹੈ ਕਿ ਰਾਜਪਾਲ ਸੱਤਿਆਦਿਓ ਨਰਾਇਣ ਆਰੀਆ ਨੂੰ ਮੱਧ ਨਵੰਬਰ ਵਿੱਚ ਕੋਵਿਡ-19 ਹੋ ਗਿਆ ਸੀ। ਹੁੱਡਾ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਸਾਨੂੰ ਰਾਜਪਾਲ ਦਫ਼ਤਰ ਤੋਂ ਜਵਾਬ ਆਇਆ, ਜਿਸ ਵਿੱਚ ਮੁਲਾਕਾਤ ਲਈ ਬੇਨਤੀ ਸਬੰਧੀ ਖ਼ੇਦ ਪ੍ਰਗਟਾਇਆ ਗਿਆ। ਮੈਂ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਕੋਵਿਡ-19 ਦੀ ਪਾਬੰਦੀ ਦਾ ਮਾਮਲਾ ਹੈ ਤਾਂ ਮੈਂ ਇਕੱਲਾ ਹੀ ਉਨ੍ਹਾਂ ਨੂੰ ਮਿਲਾਂਗਾ ਪ੍ਰੰਤੂ ਸਾਡੀ ਬੇਨਤੀ ਮੁੜ ਅਸਵੀਕਾਰ ਕੀਤੀ ਗਈ।’’ ਹੁੱਡਾ ਨੇ ਕਾਂਗਰਸ ਵਿਧਾਇਕ ਪਾਰਟੀ ਦੀ ਬੈਠਕ ਮਗਰੋਂ ਪ੍ਰੈੱਸ ਕਾਨਫੰਰਸ ਦੌਰਾਨ ਕਿਹਾ, ‘‘ਮੇਰੇ ਲੰਬੇ ਸਿਆਸੀ ਕਰੀਅਰ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੈਂ ਦੇਖ ਰਿਹਾ ਹਾਂ ਕਿ ਰਾਜਪਾਲ ਵਲੋਂ ਬਿਨਾਂ ਕਿਸੇ ਕਾਰਨ ਤੋਂ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਹੁਣ ਅਸੀਂ ਮੁੜ ਰਾਜਪਾਲ ਨੂੰ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਸਬੰਧੀ ਪੱਤਰ ਲਿਖਾਂਗੇ।’’