ਹਰਿਆਣਾ ਵਿਧਾਨ ਸਭਾ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ। ਸੱਤਾਧਾਰੀ ਭਾਜਪਾ 40 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪਾਰਟੀ ਸਾਧਾਰਨ ਬਹੁਮਤ ਤੋਂ ਮਹਿਜ਼ ਛੇ ਕਦਮ ਦੂਰ ਹੈ। ਕਾਂਗਰਸ 31 ਸੀਟਾਂ ਅਤੇ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜਜਪਾ) ਦਸ ਸੀਟਾਂ ’ਤੇ ਜੇਤੂ ਰਹੀ। ਇਨੈਲੋ ਤੇ ਹਰਿਆਣਾ ਲੋਕਹਿੱਤ ਪਾਰਟੀ ਦੇ ਹਿੱਸੇ ਇਕ ਇਕ ਸੀਟ ਆਈ। ਸੂਬੇ ਦੀਆਂ 46 ਸੀਟਾਂ ’ਤੇ ਉਮੀਦਵਾਰ ਖੜ੍ਹਾਉਣ ਵਾਲੀ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ। ਚੋਣਾਂ ਜਿੱਤਣ ਵਾਲੇ ਅੱਠ ਆਜ਼ਾਦ ਉਮੀਦਵਾਰ ਸੂਬੇ ਵਿੱਚ ਅਗਲੀ ਸਰਕਾਰ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪੱਬਾਂ ਭਾਰ ਹਨ ਤੇ ਇਨ੍ਹਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਉਧਰ ਚੋਣ ਨਤੀਜਿਆਂ ਮਗਰੋਂ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ੍ਹ ਲਿਆ ਹੈ। ਭਾਜਪਾ ਵਿਚਲੇ ਸੂਤਰਾਂ ਮੁਤਾਬਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਗੋਪਾਲ ਕਾਂਡਾ ਤੇ ਰਣਜੀਤ ਸਿੰਘ ਭਾਜਪਾ ਲੀਡਰਸ਼ਿਪ ਨਾਲ ਮੀਟਿੰਗ ਲਈ ਦਿੱਲੀ ਪੁੱਜ ਗਏ ਹਨ। ਇਸ ਦੌਰਾਨ ਇਕ ਹੋਰ ਆਜ਼ਾਦ ਉਮੀਦਵਾਰ ਸੋਮਵੀਰ ਸਿੰਘ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਹ ਭਾਜਪਾ ਸਰਕਾਰ ਦੀ ਹਮਾਇਤ ਕਰੇਗਾ। ਸੂਤਰਾਂ ਮੁਤਾਬਕ ਭਾਜਪਾ ਸ਼ੁੱਕਰਵਾਰ ਨੂੰ ਮੁੜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਲੋਕ ਸਭਾ ਚੋਣਾਂ ਵਿੱਚ ਹਰਿਆਣਾ ’ਚ ਹੂੰਝਾਫੇਰ ਜਿੱਤ ਪ੍ਰਾਪਤ ਕਰਨ ਵਾਲੀ ਭਗਵਾਂ ਪਾਰਟੀ ਨੂੰ ਵਿਧਾਨ ਸਭਾ ਦੇ ਚੋਣ ਅਖਾੜੇ ਵਿੱਚ ਵਿਰੋਧ ਝੱਲਣਾ ਪਿਆ ਹੈ। ਜਜਪਾ ਨੇ ਦਸ ਸੀਟਾਂ ਜਿੱਤ ਕੇ ਹਰਿਆਣਾ ਦੀ ਸਿਆਸੀ ਦ੍ਰਿਸ਼ਾਵਲੀ ਨੂੰ ਦਿਲਚਸਪ ਬਣਾ ਦਿੱਤਾ ਹੈ। ਉਚਾਨਾ ਵਿਧਾਨ ਸਭਾ ਹਲਕੇ ਤੋਂ ਜਿੱਤੇ ਦੁਸ਼ਯੰਤ ਚੌਟਾਲਾ ਨੇ ਅਜੇ ਤੱਕ ਭਾਜਪਾ ਜਾਂ ਕਾਂਗਰਸ ਵਿਚੋਂ ਕਿਸੇ ਨਾਲ ਵੀ ਮਿਲ ਕੇ ਸਰਕਾਰ ਬਣਾਉਣ ਬਾਰੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਉਧਰ ਭਾਜਪਾ ਲੀਡਰਸ਼ਿਪ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦਿੱਲੀ ਤਲਬ ਕਰ ਲਿਆ ਹੈ। ਭਾਜਪਾ ਨੇ 75 ਸੀਟਾਂ ’ਤੇ ਜਿੱਤ ਹਾਸਲ ਕਰਨ ਦਾ ਟੀਚਾ ਰੱਖਿਆ ਸੀ। ਚੌਟਾਲਾ ਨੇ ਭਾਜਪਾ ਦੇ ‘ਮਿਸ਼ਨ 75’ ’ਤੇ ਤਨਜ਼ ਕਸਦਿਆਂ ਕਿਹਾ ਕਿ ਹਰਿਆਣਾ ਦੇ ਲੋਕ ਤਬਦੀਲੀ ਚਾਹੁੰਦੇ ਹਨ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਸੱਤਾਧਿਰ ਭਾਜਪਾ ਨੂੰ ਖਾਰਜ ਕਰ ਦਿੱਤਾ ਹੈ।
HOME ਹਰਿਆਣਾ: ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ