ਚੰਡੀਗੜ੍ਹ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਾ ਰੰਗ ਹਰਿਆਣਾ ਵਿੱਚ ਵੀ ਚੜ੍ਹਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸੂਬੇ ਵਿੱਚ ਧਰਨੇ ਵਾਲੀਆਂ ਥਾਵਾਂ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਔਰਤਾਂ, ਬਜ਼ੁਰਗ ਅਤੇ ਨੌਜਵਾਨ ਗਣਤੰਤਰ ਦਿਵਸ ਵਾਲੇ ਦਿਨ ਕੱਢੇ ਜਾਣ ਵਾਲੇ ਟਰੈਕਟਰ ਮਾਰਚ ’ਚ ਹਿੱਸਾ ਲੈਣ ਲਈ ਸਾਰਿਆਂ ਨੂੰ ਸੱਦਾ ਦੇ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਟਰੈਕਟਰ ਪਰੇਡ ਦੀਆਂ ਤਿਆਰੀਆਂ ’ਚ ਜੁਟੇ ਹੋਏ ਹਨ।
ਗਣਤੰਤਰ ਦਿਵਸ ਮੌਕੇ ਹੋਣ ਵਾਲੇ ਮਾਰਚ ਦੀਆਂ ਤਿਆਰੀਆਂ ਵਿੱਚ ਹਰਿਆਣਵੀ ਔਰਤਾਂ ਦਾ ਵੱਡਾ ਕਾਫ਼ਲਾ ਟਰੈਕਟਰਾਂ ਰਾਹੀਂ ਹਿੱਸਾ ਲਵੇਗਾ। ਪਿਛਲੇ ਕਈ ਦਿਨਾਂ ਤੋਂ ਔਰਤਾਂ ਟਰੈਕਟਰ ਚਲਾਉਣਾ ਸਿਖ ਰਹੀਆਂ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਖੇਤੀ ਖੇਤਰ ਵਿੱਚ ਮਰਦਾਂ ਵਾਂਗ ਔਰਤਾਂ ਵੀ ਹੱਥ ਵੰਡਾਉਂਦੀਆਂ ਹਨ। ‘ਇਸ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਜਬਰੀ ਥੋਪੇ ਜਾ ਰਹੇ ਕਾਨੂੰਨਾਂ ਦਾ ਵਿਰੋਧ ਕਰਨਾ ਉਹ ਵੀ ਜਾਣਦੀਆਂ ਹਨ।’
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਉਹ ਵੀ ਸੰਘਰਸ਼ ’ਚ ਡਟੀਆਂ ਰਹਿਣਗੀਆਂ। ਉਧਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸੈਲਜਾ ਨੇ ਹਿਸਾਰ ਅਤੇ ਨਰਵਾਣਾ ਟੌਲ ਪਲਾਜ਼ਿਆ ’ਤੇ ਚੱਲ ਰਹੇ ਧਰਨਿਆਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਚੱਲਦਿਆਂ ਅੱਜ ਕਿਸਾਨ-ਮਜ਼ਦੂਰ ਠੰਢੀਆਂ ਰਾਤਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਸੰਘਰਸ਼ ਕਰ ਰਹੇ ਹਨ।