(ਸਮਾਜ ਵੀਕਲੀ)
ਸਮਾਂ , ਹਾਲਾਤ ਅਤੇ ਇੱਛਾ ਵਿਅਕਤੀ ਨੂੰ ਕੁਝ ਨਵਾਂ ਸੋਚਣ , ਕਰ – ਗੁਜ਼ਰਨ ਅਤੇ ਅਪਨਾਉਣ ਲਈ ਸਹਾਈ ਹੁੰਦੇ ਹਨ। ਅੱਜ ਸਮੁੱਚਾ ਵਿਸ਼ਵ ਇੱਕ ਬਦਲਾਓ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸੇ ਦਾ ਅਸਰ ਸਾਡੀ ਸਿੱਖਿਆ ‘ਤੇ ਵੀ ਪਿਆ ਹੈ। ਆੱਨਲਾਈਨ ਪੜ੍ਹਾਈ ਨੇ ਸਾਡੀ ਸਿੱਖਿਆ ਵਿੱਚ ਕਈ ਨਵੀਆਂ ਤਬਦੀਲੀਆਂ ਅਤੇ ਰਸਤਿਆਂ ਦੀ ਖੋਜ ਕੀਤੀ। ਇਸੇ ਦੇ ਤਹਿਤ ਅੱਜ ਸਕੂਲ ਸਿੱਖਿਆ ਵਿਭਾਗ ਦਾ ਜੋ ਵੱਡਾ ਉਪਰਾਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੋ ਕੇ ਸਾਹਮਣੇ ਆਇਆ ਹੈ , ਉਹ ਹੈ : ਪੰਜਾਬ ਐਜੂਕੇਅਰ ਐਪ। ” ਪੰਜਾਬ ਐਜੂਕੇਅਰ ਅੇੈਪ ” ਅੱਜ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਤੇ ਮੰਗ ਬਣਿਆ ਹੈ।
ਇਹ ਐਪ ਅੱਜ ਸਮੁੱਚੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਅਤੇ ਹਰਮਨ ਪਿਆਰਾ ਹੋ ਨਿੱਬੜਿਆ ਹੈ ; ਕਿਉਂਕਿ ਇਹ ਅੱਜ ਸਮੇਂ ਦਾ ਹਾਣੀ ਹੈ। ਪੰਜਾਬ ਐਜੂਕੇਅਰ ਐਪ ਦੀ ਸਹਾਇਤਾ ਨਾਲ ਅਧਿਆਪਕ ਅਤੇ ਵਿਦਿਆਰਥੀ ਆਪਣੀ ਜਮਾਤ ਅਤੇ ਜ਼ਰੂਰਤ ਦੇ ਅਨੁਸਾਰ ਸਿਲੇਬਸ , ਮੁਲਾਂਕਣ – ਵਿਧੀਆਂ , ਪ੍ਰਸ਼ਨ ਪੱਤਰ , ਪ੍ਰਸ਼ਨ ਪੱਤਰਾਂ ਦੇ ਬੈਂਕਾਂ ਦੀ ਜਾਣਕਾਰੀ , ਪਾਠ ਪੁਸਤਕਾਂ , ਲਾਇਬਰੇਰੀ ਪੁਸਤਕਾਂ , ਇਨ੍ਹਾਂ ਦੇ ਪੀ.ਡੀ.ਐੱਫ. ਰੂਪ , ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਅਤੇ ਦੁਹਰਾਈ ਲਈ ਮਾਡਲ ਟੈਸਟ ਪੇਪਰ , ਰੋਜਾਨਾ ਅਸਾਈਨਮੈਂਟਸ , ਦੁਹਰਾਈ ਸ਼ੀਟਾਂ , ਕੋਵਿਡ – 19 ਕਰਕੇ ਵੱਖ – ਵੱਖ ਜਮਾਤਾਂ ਦਾ ਘਟਾਇਆ ਪਾਠਕ੍ਰਮ , ਘਰ ਦੇ ਕੰਮ ਦੀਆਂ ਸਲਾਈਡਾਂ , ਰੀਡਿੰਗ ਕਾੱਰਨਰ , ਅੱਖਰਕਾਰੀ , ਮਿਸ਼ਨ ਸ਼ਤ ਪ੍ਰਤੀਸ਼ਤ , ਪੰਜਾਬ ਅਚੀਵਮੈਂਟ ਸਰਵੇ ਅਤੇ ਬਹੁਤ ਸਾਰੀ ਹੋਰ ਵਿੱਦਿਅਕ ਜਾਣਕਾਰੀ ਇਸ ਐਪ ਦੀ ਸਹਾਇਤਾ ਨਾਲ ਕਿਸੇ ਵੀ ਥਾਂ ‘ਤੇ ਕਦੇ ਵੀ ਪ੍ਰਾਪਤ ਕਰ ਸਕਦੇ ਹਨ , ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਅਤੇ ਸਹੂਲਤ ਹੈ।
ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਇਹ ਬਹੁਤ ਵੱਡਾ ਉਪਰਾਲਾ ਅਧਿਆਪਕਾਂ , ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਤਾ – ਪਿਤਾ ਲਈ ਬਹੁਤ ਹੀ ਲਾਹੇਵੰਦ ਅਤੇ ਸਹਾਇਕ ਸਿੱਧ ਹੋ ਰਿਹਾ ਹੈ। ਵਿੱਦਿਆ ਦੇ ਖੇਤਰ ਵਿਚ ਜਿਸ ਪ੍ਰਕਾਰ ਅੱਜ ਇਸ ਐਪ ਦੀ ਵਰਤੋਂ ਹੋ ਰਹੀ ਹੈ , ਇਸ ਤੋਂ ਪਤਾ ਲੱਗਦਾ ਹੈ ਕਿ ਇਹ ਐਪ ਸਾਡੇ ਸਿੱਖਿਆ – ਜਗਤ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਹੀ ਵੱਡੀ ਤੇ ਅਹਿਮ ਭੂਮਿਕਾ ਨਿਭਾਵੇਗਾ ਅਤੇ ਨਵੀਂ – ਨਵੀਂ ਵਿੱਦਿਅਕ ਤੇ ਰੌਚਿਕ ਜਾਣਕਾਰੀ ਵਿਦਿਆਰਥੀਆਂ ਤੇ ਅਧਿਆਪਕਾਂ ਤੱਕ ਮੁਹੱਈਆ ਕਰਵਾਏਗਾ। ਪੰਜਾਬ ਐਜੂਕੇਅਰ ਐਪ ਦੀ ਸਫ਼ਲਤਾ , ਉਪਯੋਗਤਾ ਅਤੇ ਮਹੱਤਤਾ ਲਈ ਸਮੂਹ ਸਤਿਕਾਰਯੋਗ ਅਧਿਆਪਕ ਸਾਹਿਬਾਨ , ਵਿਦਿਆਰਥੀ ਵਰਗ ਅਤੇ ਵਿਭਾਗ ਦੇ ਸਮੂਹ ਅਧਿਕਾਰੀ ਵਧਾਈ ਦੇ ਪਾਤਰ ਹਨ।
ਲੇਖਕ ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.