ਹਰਫ਼ਾਂ ਸੰਗ ਮੈਂ ਅੱਖ-ਮਟੱਕੇ ਕਰਦਾ ਰਿਹਾ,
ਸ਼ਬਦਾਂ ਨੂੰ ਹਰ ਹਾਲ ‘ਚ ਪੱਕੇ ਕਰਦਾ ਰਿਹਾ।
ਮੈਂ ਤਾਂ ਹੀਰਿਆਂ ਵਰਗੇ ਯਾਰ ਬਣਾਏ ਸੀ,
ਸਮੇਂ ਕਿਹਾ, ਤੂੰ ਪੱਥਰ ‘ਕੱਠੇ ਕਰਦਾ ਰਿਹਾ।
ਦੱਸਾਂਗਾ ਜਦ ਮੇਰੀ ਵਾਰੀ ਆਵੇਗੀ,
ਐਵੇਂ ਤਾਂ ਨਹੀਂ ਓਹਲੇ ਯੱਕੇ ਕਰਦਾ ਰਿਹਾ।
ਹਰ ਰਿਸ਼ਤੇ ਨੇ ਚਾੜ੍ਹੀ ਰੱਖਿਐ ਸੂਲੀ ‘ਤੇ ,
ਹਰ ਇੱਕ ਸਾਕ ਮੇਰੇ ਨਾਲ ਧੱਕੇ ਕਰਦਾ ਰਿਹਾ।
ਜਿਸ ਦੀ ਖ਼ਾਤਰ ਖੁਸ਼ੀਆਂ ਫਾਹੇ ਲਾਈਆਂ ਮੈਂ
ਓਹ ਮੇਰੇ ਦੁੱਖ ‘ਤੇ ਧੂਮ-ਧੜੱਕੇ ਕਰਦਾ ਰਿਹਾ।
ਮੇਰੇ ਵੱਲੋਂ ਨਜ਼ਰ ਭੁਆਂ ਕੇ ਲੰਘ ਜਾਂਦੈ,
ਕਦੇ ਜੋ ਹਰ ਗੱਲ , ਹਾਸੇ-ਠੱਠੇ ਕਰਦਾ ਰਿਹਾ।
“ਮਲਕੀਤ ਸਿੰਹਾਂ” ਤੈਂ ਵਾਅਦੇ ਕੀਤੇ ਇੱਟ ਵਰਗੇ,
ਪਰ ਤੇਰੇ ਸੰਗ ਉਹ ਕੱਚੇ-ਪੱਕੇ ਕਰਦਾ ਰਿਹਾ।।
✍️ ਮਲਕੀਤ ਮੀਤ