ਹਰਫ਼(ਨਜ਼ਮ)

ਡਾ.ਸੁਖਵੀਰ ਕੌਰ ਸੁਖਨ

(ਸਮਾਜ ਵੀਕਲੀ)

ਸੁਣ ਉਹ ਬੋਲੇ ਬਾਦਸ਼ਾਹ
ਤੈਨੂੰ ਸੁਣਾਵਾਂ ਸੱਚ ਤੇਰਾ
ਤੂੰ ਮਖੌਟਾਧਾਰੀ ਨਾਗ ਹੈਂ
ਨਹੀਂ ਜਚਦਾ ਤੈਨੂੰ ਇਕ ਚਿਹਰਾ
ਤੇਰੇ ਝੂਠ ਸੁਣ ਸੁਣ ਥੱਕ ਗਏ
ਆ  ਕੰਨ ਵੀ ਸਾਡੇ ਪੱਕ ਗਏ
ਚੰਗੇ ਦਿਨਾਂ ਦੀ ਤੂੰ ਗੱਲ ਕਹੀ
ਜੋ ਭਾਂਬੜਾਂ ‘ਚ ਮੱਚ ਗਏ
ਤੂੰ ਜਿਉਂਦੇ ਜੀਅ ਹੀ ਮਰ ਗਿਆ
ਜੋ ਕਰਨਾ ਨਹੀਂ ਸੀ ਕਰ ਗਿਆ
ਤੇਰੇ ਕਾਲੇ ਕਾਨੂੰਨਾਂ ਦੀ ਭੇਂਟ ਦੇਖ
ਆ ਦੇਸ਼ ਮੇਰਾ ਚੜ੍ਹ ਗਿਆ
ਤੂੰ ਮੂੰਹਾਂ ਚੋਂ ਬੁਰਕੀ ਖੋਹ ਲਈ
ਤੇ ਆਖ ਰਿਹੈਂ ਸਭ ਠੀਕ ਹੈ
ਤੂੰ ਸੱਚੀ ਏਨਾ ਜ਼ਾਲਮ ਹੈਂ
ਜਾਂ ਸਿਰਫਿਰਾ ਤੇ ਢੀਠ ਹੈ
ਕਿਰਤ ਕਿਸਾਨੀ ਲੁੱਟ ਕੇ
ਤੂੰ ਚਾਹੇਂ ਜੋ ਉਸਾਰਨਾ
ਉਹ ਹੋਣ ਅਸਾਂ ਦੇਣਾ ਨਹੀਂ
ਹੈ ਤੈਨੂੰ ਅਸੀਂ ਵੰਗਾਰਨਾ
ਤੇਰੀ ਫੋਕੀ ਹੈਂਕੜਬਾਜੀ ਜੋ
ਚਾਹੁੰਦੀ ਹੈ ਸਾਨੂੰ ਮਾਰਨਾ
ਤੇਰੇ ਨਿਪੁੰਸਕ ਕਿਰਦਾਰ ਨੂੰ
ਅਸਾਂ ਤੋੜਨਾ ਲਤਾੜਣਾ
ਅਸੀਂ ਹਲ ਚਲਾਉਣੇ ਜਾਣਦੇ
ਤੇ ਹਿੱਕਾਂ ਵੀ ਡਾਹ ਸਕਦੇ ਆ
ਤੇਰੇ ਮਹਿਲਾ ‘ਤੇ ਜੋ ਕਿੰਗਰੇ
ਕੁਝ ਪਲਾਂ ਵਿਚ ਢਾਹ ਸਕਦੇ ਆ
ਅਸੀਂ ਉਹ ਪੰਜਾਬੀ ਸੂਰਮੇ
ਜੋ ਡਰਕੇ ਕਦੇ ਰੁਕਦੇ ਨਹੀਂ
ਲੱਖ ਜ਼ਾਲਮ ਬਣ ਜਾਏ ਬਾਦਸ਼ਾਹ
ਸਿਰ ਲੱਥ ਜਾਂਦੈ ਝੁਕਦੇ ਨਹੀਂ
ਤੇਰਾ ਤਾਜ ਤੇਰੇ ਸਿਰ ਉਤੋਂ
ਲੱਥਣ ਦਾ ਵੇਲਾ ਆ ਗਿਆ
ਹੁਣ ਤਖ਼ਤ ਹਿਲ ਕੇ ਰਹਿਣਗੇ
ਦੱਸਣ ਦਾ ਵੇਲਾ ਆ ਗਿਆ
ਜਦ ਕਿਰਤ ,ਕਲਮਾਂ ਮਿਲਦੀਆਂ
ਫਿਰ ਖਿੜੵਦੀ ਨਵੀਂ ਬਹਾਰ ਹੈ
ਇਹ ਯੁੱਧ ਸਾਡੇ ਹੱਕਾਂ ਦਾ
ਗੱਲ ਆਰ ਹੈ ਜਾਂ ਪਾਰ ਹੈ
ਗੱਲ ਆਰ ਹੈ ਜਾਂ ਪਾਰ ਹੈ।
              ਡਾ.ਸੁਖਵੀਰ ਕੌਰ ਸੁਖਨ
              7837149550 
Previous articleChina issues orange alert for cold wave
Next articleਫ਼ਰਕ ਤਾਂ ਹੈ