ਪੁਰੀ ਨੇ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਸਮਾਂ ਬਿਤਾਇਆ ਤੇ ਚੋਣ ਪ੍ਰਚਾਰ ਕੀਤਾ
ਅੰਮ੍ਰਿਤਸਰ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਪੁਰੀ ਦੋਵੇਂ ਹੀ ਚੋਣ ਪ੍ਰਚਾਰ ’ਚ ਲੱਗ ਗਏ ਹਨ। ਅੱਜ ਸਵੇਰੇ ਉਨ੍ਹਾਂ ਇਤਿਹਾਸਕ ਰਾਮ ਬਾਗ਼ (ਕੰਪਨੀ ਬਾਗ਼) ਵਿਚ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਸਮਾਂ ਬਿਤਾਇਆ ਤੇ ਚੋਣ ਪ੍ਰਚਾਰ ਕੀਤਾ। ਸ੍ਰੀ ਪੁਰੀ ਨਾਲ ਅੱਜ ਸਵੇਰੇ ਰਾਮ ਬਾਗ਼ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਅਨੰਦ ਸ਼ਰਮਾ ਤੇ ਹੋਰ ਭਾਜਪਾ ਆਗੂਆਂ ਦੀ ਟੀਮ ਸ਼ਾਮਲ ਸੀ। ਇਸ ਮੌਕੇ ਸ੍ਰੀ ਪੁਰੀ ਨੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣਾਂ ਤੋਂ ਬਾਅਦ ਉਹ ਅੰਮ੍ਰਿਤਸਰ ਸ਼ਹਿਰ ਤੇ ਦਿਹਾਤੀ ਇਲਾਕੇ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈਣਗੇ ਤਾਂ ਜੋ ਇਨ੍ਹਾਂ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਬਾਰੇ ਆਪਣਾ ਵਿਜ਼ਨ ਪੱਤਰ ਤਿਆਰ ਕਰ ਰਹੇ ਹਨ, ਜੋ ਜਲਦੀ ਹੀ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਅੰਮ੍ਰਿਤਸਰ ਸ਼ਹਿਰ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣਾ ਚਾਹੁੰਦੇ ਹਨ। ਇੱਥੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਦੌਰਾਨ ਉਨ੍ਹਾਂ ਇੱਥੇ ਬੈਡਮਿੰਟਨ ਖੇਡ ਰਹੇ ਨੌਜਵਾਨਾਂ ਨਾਲ ਖੇਡ ਸਬੰਧੀ ਹੱਥ ਸਾਂਝਾ ਕੀਤਾ ਤੇ ਗੱਲਬਾਤ ਕੀਤੀ। ਇੱਥੇ ਸੈਰ ਕਰਦਿਆਂ ਉਹ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਮਗਰੋਂ ਉਹ ਗਿਆਨੀ ਟੀ ਸਟਾਲ ’ਤੇ ਪੁੱਜੇ ਤੇ ਲੋਕਾਂ ਨਾਲ ਬੈਠ ਕੇ ਚਾਹ ਦੀਆਂ ਚੁਸਕੀਆਂ ਲਈਆਂ। ਮਗਰੋਂ ਉਨ੍ਹਾਂ ਵਾਰਡ ਨੰਬਰ-6 ਅਤੇ 12 ਵਿਚ ਸਾਬਕਾ ਮੰਤਰੀ ਅਨਿਲ ਜੋਸ਼ੀ ਨਾਲ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਸ੍ਰੀ ਜੋਸ਼ੀ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਹੀ ਸ਼ਹਿਰ ਦਾ ਵਿਕਾਸ ਕੀਤਾ ਹੈ। ਇਸ ਦੌਰਾਨ ਸ੍ਰੀ ਪੁਰੀ ਦੀ ਪਤਨੀ ਲਕਸ਼ਮੀ ਪੁਰੀ ਨੇ ਵਾਰਡ ਨੰਬਰ-80 ਦੀ ਗਲੀ ਵਿਚ ਰੱਖੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਇੱਥੇ ਭਾਜਪਾ ਵਿਚ ਸ਼ਾਮਲ ਹੋਏ ਦਸ ਪਰਿਵਾਰਾਂ ਦਾ ਉਨ੍ਹਾਂ ਨੇ ਸਵਾਗਤ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਇਸ ਵਾਰ ਪਹਿਲਾਂ ਨਾਲੋਂ ਵੱਧ ਸੀਟਾਂ ਲੈ ਕੇ ਜਾਵੇਗੀ।