ਹਮਾਸ ਨੂੰ ਲੈ ਕੇ ਇਜ਼ਰਾਈਲ ਅਤੇ ਮਿਸਰ ਵਿਚਕਾਰ ਵਾਰਤਾ

ਕਾਹਿਰਾ, ਸਮਾਜ ਵੀਕਲੀ: ਇਜ਼ਰਾਈਲ ਅਤੇ ਕੱਟੜਵਾਦੀ ਗੁੱਟ ਹਮਾਸ ਵਿਚਕਾਰ 11 ਦਿਨ ਤੱਕ ਚੱਲੀ ਲੜਾਈ ਮਗਰੋਂ ਹੋਈ ਗੋਲੀਬੰਦੀ ਨੂੰ ਹੋਰ ਮਜ਼ਬੂਤੀ ਦੇਣ ਅਤੇ ਗਾਜ਼ਾ ਪੱਟੀ ਦੀ ਮੁੜ ਉਸਾਰੀ ਲਈ ਐਤਵਾਰ ਨੂੰ ਮਿਸਰ ਅਤੇ ਇਜ਼ਰਾਈਲ ਵਿਚਕਾਰ ਉੱਚ-ਪੱਧਰੀ ਗੱਲਬਾਤ ਕੀਤੀ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਾਬੀ ਅਸ਼ਕੇਨਾਜ਼ੀ ਅੱਜ ਕਾਹਿਰਾ ਪੁੱਜੇ ਅਤੇ ਮਿਸਰ ਦੇ ਆਪਣੇ ਹਮਰੁਤਬਾ ਸਾਮੇਹ ਸ਼ੁਕਰੀ ਨਾਲ ਗੱਲਬਾਤ ਕੀਤੀ। ਮਿਸਰ ਦੇ ਵਿਦੇਸ਼ ਮੰਤਰਾਲੇ ਮੁਤਾਬਕ ਬੀਤੇ ਇਕ ਦਹਾਕੇ ’ਚ ਇਜ਼ਰਾਈਲ ਦੇ ਕਿਸੇ ਵਿਦੇਸ਼ ਮੰਤਰੀ ਦਾ ਕਾਹਿਰਾ ’ਚ ਇਹ ਪਹਿਲਾ ਜਨਤਕ ਦੌਰਾ ਹੈ। ਕਾਹਿਰਾ ’ਚ ਇਜ਼ਰਾਇਲੀ ਸਫ਼ਾਰਤਖਾਨੇ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਸਫ਼ਾਰਤਖਾਨੇ ਨੇ ਲਿਖਿਆ ਕਿ ਦੋਵੇਂ ਮੰਤਰੀ ਗੋਲੀਬੰਦੀ ਅਤੇ ਹਮਾਸ ਵੱਲੋਂ ਫੜੇ ਗਏ ਇਜ਼ਰਾਇਲੀ ਫ਼ੌਜੀਆਂ ਤੇ ਲੋਕਾਂ ਨੂੰ ਰਿਹਾਅ ਕੀਤੇ ਜਾਣ ਦੇ ਮੁੱਦੇ ’ਤੇ ਗੱਲਬਾਤ ਕਰਨਗੇ। ਇਸ ਦੌਰਾਨ ਮਿਸਰ ਦੀ ਇੰਟੈਲੀਜੈਂਸ ਦੇ ਮੁਖੀ ਅੱਬਾਸ ਕਾਮਿਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰਾਮੱਲਾ ਦੇ ਫਲਸਤੀਨੀ ਅਧਿਕਾਰੀਆਂ ਨਾਲ ਮੁਲਾਕਾਤ ਲਈ ਤਲ ਅਵੀਵ ਪੁੱਜੇ। ਅਧਿਕਾਰੀ ਨੇ ਕਿਹਾ ਕਿ ਕਾਮਿਲ, ਨੇਤਨਯਾਹੂ ਅਤੇ ਫਲਸਤੀਨ ਦੇ ਅਧਿਕਾਰੀਆਂ ਨਾਲ ਗਾਜ਼ਾ ਦੀ ਮੁੜ ਉਸਾਰੀ ਬਾਰੇ ਵਾਰਤਾ ਕਰਨਗੇ। ਇਸ ਤੋਂ ਬਾਅਦ ਕਾਮਿਲ ਵੱਲੋਂ ਰਾਮੱਲਾ ’ਚ ਹਮਾਸ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੇ ਜਾਣ ਦੀ ਉਮੀਦ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਓਲੀ ਸਰਕਾਰ ਦੀਆਂ ਗੈਰ-ਸੰਵਿਧਾਨਕ ਗਤੀਵਿਧੀਆਂ ਦਾ ਸਮਰਥਨ ਨਾ ਕੀਤਾ ਜਾਵੇ’
Next articleਕੈਨੇਡਾ ਦੇ ਇੱਕ ਸਕੂਲ ’ਚੋਂ 200 ਤੋਂ ਵੱਧ ਪਿੰਜਰ ਮਿਲੇ