ਹਮਲੇ ਵਾਲੀ ਥਾਂ ’ਤੇ ਹੁਣ ਵੀ ਦਿਸ ਰਹੀਆਂ ਨੇ ਮਦਰੱਸੇ ਦੀਆਂ ਇਮਾਰਤਾਂ

ਰਾਇਟਰਜ਼ ਨੂੰ ਪ੍ਰਾਪਤ ਹੋਈਆਂ ਉਪ-ਗ੍ਰਹਿ ਦੀਆਂ ਤਸਵੀਰਾਂ ਵਿੱਚ ਉੱਤਰ-ਪੱਛਮੀ ਪਾਕਿਸਤਾਨ ’ਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ ਇਸ ਜਗ੍ਹਾ ’ਤੇ ਚੱਲਦੇ ਇਸਲਾਮਿਕ ਗਰੁੱਪ ਦੇ ਟਰੇਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ ਅਤੇ ਇਸ ਹਮਲੇ ਵਿੱਚ ਵੱਡੀ ਗਿਣਤੀ ਅਤਿਵਾਦੀ ਮਾਰੇ ਗਏ ਸਨ। ਸਾਂ ਫਰਾਂਸਿਸਕੋ ਆਧਾਰਿਤ ਇਕ ਨਿੱਜੀ ਉਪ ਗ੍ਰਹਿ ਅਪਰੇਟਰ ਪਲੈਨਿਟ ਲੈਬਜ਼ ਵੱਲੋਂ ਲਈਆਂ ਗਈਆਂ ਤਸਵੀਰਾਂ ਵਿੱਚ ਭਾਰਤੀ ਹਵਾਈ ਹਮਲੇ ਤੋਂ ਛੇ ਦਿਨਾਂ ਬਾਅਦ 4 ਮਾਰਚ ਨੂੰ ਵੀ ਮਦਰੱਸੇ ਦੀਆਂ ਛੇ ਇਮਾਰਤਾਂ ਖੜ੍ਹੀਆਂ ਦਿਸ ਰਹੀਆਂ ਹਨ। ਹੁਣ ਤੱਕ ਜਨਤਕ ਤੌਰ ’ਤੇ ਉਪ-ਗ੍ਰਹਿ ਦੀਆਂ ਐਨੀਆਂ ਸਾਫ਼ ਤਸਵੀਰਾਂ ਮੌਜੂਦ ਨਹੀਂ ਸਨ, ਪਰ ਪਲੈਨਿਟ ਲੈਬ ਵੱਲੋਂ ਲਈਆਂ ਗਈਆਂ ਤਕਰੀਬਨ 72 ਸੈਂਟੀਮੀਟਰ ਦੀਆਂ ਉਪ-ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਇਮਾਰਤਾਂ ਖੜ੍ਹੀਆਂ ਸਾਫ਼ ਦਿਸ ਰਹੀਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਪ-ਗ੍ਰਹਿ ਦੀ ਇਸ ਤਸਵੀਰ ਵਿੱਚ ਅਪਰੈਲ 2018 ਤੋਂ ਲੈ ਕੇ ਹੁਣ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਇਆ ਹੈ। ਇਮਾਰਤਾਂ ਦੀਆਂ ਛੱਤਾਂ ਵਿੱਚ ਨਾ ਤਾਂ ਛੇਕ ਹਨ, ਨਾ ਝੁਲਸਣ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਇਨ੍ਹਾਂ ਇਮਾਰਤਾਂ ਦੀਆਂ ਕੰਧਾਂ ’ਤੇ ਧੂੰਏਂ ਦੇ ਨਿਸ਼ਾਨ ਜਾਂ ਮਦਰੱਸੇ ਦੁਆਲੇ ਪੁੱਟੇ ਹੋਏ ਦਰੱਖਤਾਂ ਤੋਂ ਇਲਾਵਾ ਹਵਾਈ ਹਮਲੇ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਅੱਠ ਦਿਨ ਪਹਿਲਾਂ ਜਾਰੀ ਕੀਤੇ ਗਏ ਬਿਆਨਾਂ ’ਤੇ ਸ਼ੱਕ ਹੁੰਦਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 26 ਫਰਵਰੀ ਨੂੰ ਤੜਕੇ ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਖੇਤਰ ਵਿੱਚ ਪੈਂਦੇ ਬਾਲਾਕੋਟ ਅਤੇ ਜਾਬਾ ਨੇੜੇ ਮਦਰੱਸੇ ਵਾਲੀ ਥਾਂ ਨੂੰ ਭਾਰਤੀ ਜੰਗੀ ਜਹਾਜ਼ਾਂ ਨੇ ਹਮਲਾ ਕਰ ਕੇ ਤਬਾਹ ਕਰ ਦਿੱਤਾ।

Previous article5178 ਅਧਿਆਪਕਾਂ ਅਤੇ 650 ਨਰਸਾਂ ਦੀਆਂ ਸੇਵਾਵਾਂ ਰੈਗੂਲਰ
Next articleਅਯੁੱਧਿਆ ਵਿਵਾਦ: ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ, ਸਾਲਸਾਂ ਦੇ ਨਾਂਅ ਮੰਗੇ