ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਨੂੰ ਲੈ ਕੇ ਮੁਲਕ ਦੇ ਹੋਰਨਾਂ ਲੋਕਾਂ ਵਾਂਗ ਉਨ੍ਹਾਂ ਦਾ ਮਨ ਵੀ ਗ਼ਮਗੀਨ ਹੋਣ ਦੇ ਨਾਲ ਗੁੱਸੇ ਨਾਲ ਭਰਿਆ ਹੋਇਆ ਹੈ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਆਸ ਜਤਾਈ ਕਿ ਭਾਰਤ ਇਸ ਹਮਲੇ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ। ਸ੍ਰੀ ਮੋਦੀ ਨੇ ਇਸ ਮੌਕੇ ਬਿਹਾਰ ਤੇ ਝਾਰਖੰਡ ਵਿੱਚ ਕ੍ਰਮਵਾਰ 33000 ਕਰੋੜ ਤੇ 3306 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਬਿਹਾਰ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਲਈ ਪੁੱਜੇ ਸ੍ਰੀ ਮੋਦੀ ਨੇ ਮੁਕਾਮੀ ਭਾਸ਼ਾ ‘ਅੰਗਿਕਾ’ ਨਾਲ ਆਪਣੀ ਤਕਰੀਰ ਸ਼ੁਰੂ ਕਰਨ ਤੋਂ ਪਹਿਲਾਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਬਿਹਾਰ ਨਾਲ ਸਬੰਧਤ ਸੀਆਰਪੀਐਫ ਜਵਾਨਾਂ ਸੰਜੈ ਕੁਮਾਰ ਸਿਨਹਾ ਤੇ ਰਤਨ ਕੁਮਾਰ ਠਾਕੁਰ ਨੂੰ ਸ਼ਰਧਾਂਜਲੀ ਦਿੱਤੀ। ਸ੍ਰੀ ਮੋਦੀ ਨੇ ਇਸ ਮੌਕੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਸਮੇਤ 33000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।