ਹਮਲੇ ਖ਼ਿਲਾਫ਼ ਡਾਕਟਰਾਂ ਨੇ ਠੱਪ ਰੱਖੀਆਂ ਸੇਵਾਵਾਂ, ਮਰੀਜ਼ ਹੋਏ ਪ੍ਰੇਸ਼ਾਨ

ਕਲਕੱਤਾ ਵਿੱਚ ਮਰੀਜ਼ ਦੇ ਪਰਿਵਾਰ ਵਾਲਿਆਂ ਵੱਲੋਂ ਦੋ ਡਾਕਟਰਾਂ ’ਤੇ ਹਮਲਾ ਕਰਕੇ ਜ਼ਖਮੀ ਕਰਨ ਦੇ ਮਾਮਲੇ ’ਚ ਅੱਜ ਲੁਧਿਆਣਾ ਦੇ ਡਾਕਟਰ ਹੜਤਾਲ ’ਤੇ ਰਹੇ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਝੰਡੇ ਹੇਠ ਸਾਰੇ ਡਾਕਟਰਾਂ ਨੇ ਸਵੇਰ ਤੋਂ ਹੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਹੋਰ ਸੇਵਾਵਾਂ ਠੱਪ ਕਰ ਦਿੱਤੀਆਂ। ਸਵੇਰੇ ਹੀ ਡਾਕਟਰਾਂ ਨੇ ਬੀਆਰਐਸ ਨਗਰ ਸਥਿਤ ਆਈਐਮਏ ਹਾਊਸ ’ਚ ਇਕੱਠੇ ਹੋ ਕੇ ਇੱਥੋਂ ਭਾਰਤ ਨਗਰ ਚੌਕ ਤੱਕ ਪੈਦਲ ਮਾਰਚ ਕਰ ਆਪਣਾ ਵਿਰੋਧ ਜਤਾਇਆ। ਭਾਰਤ ਨਗਰ ਚੌਕ ਪੁੱਜ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਟਰੈਫ਼ਿਕ ਜਾਮ ਵੀ ਕੀਤਾ ਤੇ ਪੱਛਮੀ ਬੰਗਾਲ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਇਸ ਵਿੱਚ ਪੱਛਮੀ ਬੰਗਾਲ ਸਰਕਾਰ ਤੋਂ ਤੁਰੰਤ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਅੱਜ ਸਰਕਾਰੀ ਹਸਪਤਾਲ ’ਚ ਛੁੱਟੀ ਹੋਣ ਕਾਰਨ ਓਪੀਡੀ ਸੇਵਾ ਤਾਂ ਪਹਿਲਾਂ ਹੀ ਬੰਦ ਸੀ, ਪਰ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਸਨ। ਪ੍ਰਾਈਵੇਟ ਹਸਪਤਾਲ ’ਚ ਵੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਸੇਵਾਵਾਂ ਨੂੰ ਠੱਪ ਰੱਖਿਆ ਗਿਆ। ਕੁਝ ਹਸਪਤਾਲ ’ਚ ਤਾਂ ਇਲਾਜ ਜਾਰੀ ਸੀ, ਜ਼ਿਆਦਾ ਹਸਪਤਾਲਾਂ ਨੇ ਬਾਅਦ ਦੁਪਹਿਰ ਓਪੀਡੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਸਨ।

ਖੰਨਾ : ਇੱਥੇ ਕਰੀਬ ਸਾਰੇ ਡਾਕਟਰ ਹੜਤਾਲ ’ਤੇ ਰਹੇ। ਡਾ. ਬੀਐੱਸ ਸਹਿਗਲ ਦੀ ਅਗਵਾਈ ਹੇਠ ਡਾਕਟਰਾਂ ਦਾ ਵਫ਼ਦ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੂੰ ਮਿਲਿਆ ਅਤੇ ਮੰਗ ਪੱਤਰ ਵੀ ਸੌਂਪਿਆ। ਮੰਗ ਪੱਤਰ ਵਿੱਚ ਡਾਕਟਰਾਂ ਨੇ ਦਿਨੋਂਦਿਨ ਡਾਕਟਰੀ ਪੇਸ਼ੇ ਉਪਰ ਹੋ ਰਹੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਭਾਰਤ ਸਰਕਾਰ ਕੋਲੋਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਉਧਰ, ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪਿਆ।

ਜਗਰਾਓਂ : ਇੱਥੇ ਇਲਾਕੇ ਦੇ ਨਿੱਜੀ ਅਤੇ ਸਰਕਾਰੀ ਹਸਪਤਾਲ ਡਾਕਟਰਾਂ ਦੀ ਹੜਤਾਲ ਕਾਰਨ ਬੰਦ ਰਹੇ। ਇਸ ਕਾਰਨ ਪਿੰਡਾਂ ਤੋਂ ਇਲਾਜ ਲਈ ਆਏ ਬੇ-ਖਬਰੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਪਿੰਡ ਬਾਰਦੇਕੇ ਦੇ ਕਰਨੈਲ ਸਿੰਘ, ਭੂੰਦੜੀ ਦੇ ਬਿੱਕਰ ਸਿੰਘ ਅਤੇ ਪਿੰਡ ਸ਼ੇਖਦੌਲਤ ਦੀ ਬਜ਼ੁਰਗ ਮਾਤਾ ਕਿਸ਼ਨ ਕੌਰ ਜੋ ਕਿ ਸਰਕਾਰੀ ਹਸਪਤਾਲ ਤੋਂ ਬਾਅਦ ਨਿਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚੇ ਸਨ ਨੇ ਦੱਸਿਆ ਕਿ ਬਿਮਾਰੀ ਦੀ ਹਾਲਤ ਵਿੱਚ ਉਹ ਦਵਾਈ ਲੈਣ ਲਈ ਆਏ ਸਨ। ਉਨ੍ਹਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਅੱਜ ਡਾਕਟਰ ਹੜਤਾਲ ’ਤੇ ਹਨ। ਹੜਤਾਲ ’ਤੇ ਗਏ ਡਾਕਟਰਾਂ ਨੇ ਸਰਕਾਰ ਵਿਰੋਧੀ ਨਾਅਰੇ ਲਗਾਏ ਅਤੇ ਮੰਗਾਂ ਦੀ ਪੂਰਤੀ ਲਈ ਹੜਤਾਲ ਜਾਰੀ ਰੱਖਣ ਦੀ ਗੱਲ ਆਖੀ।

Previous articleਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਕੀਤੀ ਹੜਤਾਲ
Next articleਸਤਲੁਜ ਦਰਿਆ ’ਚ ਬੇੜੀ ਡੁੱਬੀ, ਤਿੰਨ ਮੌਤਾਂ