ਪੰਜਾਬ ਪੁਲੀਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ਵਿਚ ਹੋਏ ਗ੍ਰਨੇਡ ਧਮਾਕੇ ਬਾਰੇ ਆਖਿਆ ਕਿ ਪੁਲੀਸ ਇਸ ਨੂੰ ਅਤਿਵਾਦੀ ਹਮਲੇ ਵਜੋਂ ਦੇਖ ਰਹੀ ਹੈ ਅਤੇ ਇਸੇ ਨਜ਼ਰੀਏ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਜਾਂਚ ਵਾਸਤੇ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਵੀ ਦਿੱਲੀ ਤੋਂ ਇਥੇ ਪੁੱਜ ਰਹੀ ਹੈ। ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ’ਚ ਡੀਜੀਪੀ ਨੇ ਆਖਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਧਮਾਕੇ ਲਈ ਹੈਂਡ ਗ੍ਰਨੇਡ ਦੀ ਵਰਤੋਂ ਕੀਤੀ ਗਈ। ਪਾਕਿਸਤਾਨੀ ਅਤਿਵਾਦੀ ਜ਼ਾਕਿਰ ਮੂਸਾ ਦਾ ਹਮਲੇ ਪਿੱਛੇ ਹੱਥ ਹੋਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਆਖਿਆ ਕਿ ਅਜੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਮੰਨਿਆ ਕਿ ਪਾਕਿਸਤਾਨੀ ਅਤਿਵਾਦੀ, ਸਿੱਖ ਅਤਿਵਾਦੀਆਂ ਨਾਲ ਰਲ ਕੇ ਸੂਬੇ ਵਿਚ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਪਰ ਇਸ ਘਟਨਾ ਨੂੰ ਉਨ੍ਹਾਂ ਪਾਕਿਸਤਾਨੀ ਅਤੇ ਸਿੱਖ ਅਤਿਵਾਦੀਆ ਦੀ ਸਾਂਝੀ ਕਾਰਵਾਈ ਨਾਲ ਜੋੜਨ ਤੋਂ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਠਾਨਕੋਟ ਕੋਲੋਂ ਕੁਝ ਸ਼ੱਕੀ ਵਿਅਕਤੀਆਂ ਨੇ ਇਨੋਵਾ ਕਾਰ ਖੋਹੀ ਸੀ ਅਤੇ ਉਨ੍ਹਾਂ ਬਾਰੇ ਅਜੇ ਤਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵੀ ਪੰਜਾਬ ਵਿਚ ਹਾਲਾਤ ਖ਼ਰਾਬ ਹੋਣ ਦਾ ਅੰਦੇਸ਼ਾ ਪ੍ਰਗਟਾ ਚੁੱਕੇ ਹਨ।
HOME ਹਮਲਾ ਅਤਿਵਾਦੀਆਂ ਦਾ ਕਾਰਾ: ਡੀਜੀਪੀ