(ਸਮਾਜ ਵੀਕਲੀ)
ਕਿਤੋਂ ਬਦਲ ਕੇ ਆਏ ਨਵੇਂ ਨਵੇਂ ਅਫਸਰ ਤੇ ਉਥੋਂ ਦੀ ਵਰਕਸ਼ਾਪ ਦੇ ਇੱਕ ਮਾਤਹਿਤ ਰਾਮੂ ਦਾਦਾ ਦੇ ਵਿਚਕਾਰ ਦਫ਼ਤਰ ਵਿੱਚ ਗਰਮਾਗਰਮ ਬਹਿਸ ਹੋ ਰਹੀ ਸੀ। ਅਫਸਰ ਕਿਸੇ ਕੰਮ ਦੇ ਸਮੇਂ ਸਿਰ ਨਾ ਹੋਣ ਕਰਕੇ ਉਸਨੂੰ ਫਟਕਾਰ ਰਿਹਾ ਸੀ।
” ਤੂੰ ਨਿਰਾ ਹਰਾਮੀ ਤੇ ਕੰਮਚੋਰ ਹੈ।”
‘ਦੇਖੋ ਸਰ! ਤੁਹਾਨੂੰ ਇਸ ਤਰ੍ਹਾਂ ਗਾਲ੍ਹ ਦੇਣ ਦਾ ਕੋਈ ਹੱਕ ਨਹੀਂ ਹੈ।’
‘ ਕਿਉਂ ਨਹੀਂ ਹੈ ?’
‘ ਤੁਸੀਂ ਵੀ ਸਰਕਾਰੀ ਨੌਕਰ ਹੋ ਤੇ ਮੈਂ ਵੀ।’
ਚੁੱਪ !
ਦਹਾੜਨ ਦੀ ਜ਼ਰੂਰਤ ਨਹੀਂ ਹੈ, ਬਦਲੀ ਤੋਂ ਵੱਧ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ , ਤੇ ਉਹੀ ਮੈਂ ਹੋਣ ਨਹੀਂ ਦਿਆਂਗਾ।
ਤੁਹਾਨੂੰ ਜ਼ੋ ਕਹਿਣਾ ਜਾਂ ਪੁੱਛਣਾ ਹੋਵੇ, ਲਿਖ ਕੇ ਕਹੋ ਤੇ ਪੁੱਛੋ। ਮੈਂ ਜਵਾਬ ਦੇ ਦਿਆਂਗਾ। ਪਰ ਇਸ ਤਰ੍ਹਾਂ ਤੁਸੀਂ ਮੈਨੂੰ ਫਟਕਾਰ ਨਹੀਂ ਸਕਦੇ।
‘ਵਰਨਾ’
ਮੈਂ ਲਿਖਿਤ ਕਾਰਵਾਈ ਕਰਕੇ ਤੇਰੇ ਬੀਵੀ ਬੱਚਿਆਂ ਦੇ ਢਿੱਡ ਤੇ ਲੱਤ ਨਹੀਂ ਮਾਰਾਂਗਾ। ਗਲਤੀ ਤੂੰ ਕਰਦਾ ਹੈਂ ਤੇ ਫਟਕਾਰਾਂਗਾ ਵੀ ਤੈਨੂੰ ਹੀ। ਤੂੰ ਜ਼ੋ ਕੁਝ ਕਰਨਾ ਹੋਵੇ ਕਰ ਲਵੀਂ। ਸਮਝਿਆ ?
ਲਾਜਵਾਬ ਹੋਇਆ ਰਾਮੂ ਦਾਦਾ ਇਸ ਤੋਂ ਬਾਅਦ ਸਿਰ ਝੁਕਾ ਕੇ ਦਫ਼ਤਰੋਂ ਨਿਕਲ ਗਿਆ।
ਬਾਹਰ ਖੜੇ ਸਾਥੀਆਂ ਦਾ ਅੰਦਾਜ਼ਾ ਸੀ ਕਿ ਅੱਜ ਬਾਬੂ ਦੀ ਘਰ ਜਾਂਦਿਆਂ ਦੀ ਖੈਰ ਨਹੀਂ। ਦਾਦਾ ਇਨ੍ਹਾਂ ਨੂੰ ਵੀ ਆਪਣੇ ਹੱਥ ਜ਼ਰੂਰ ਦਿਖਾਏਗਾ, ਤਾਂ ਜੋ ਉਹ ਕਿਸੇ ਹੋਰ ਨੂੰ ਇਸ ਤਰ੍ਹਾਂ ਬੇਸ਼ਰਮ ਨਾ ਕਰ ਸਕੇ। ਵਿੱਚੋਂ ਕੋਈ ਬੋਲਿਆ , ‘ ਲਗਦਾ ਹੈ ਇਸ ਨੂੰ ਵੀ ਸਬਕ ਸਿਖਾਉਣਾ ਪਵੇਗਾ।’
” ਨਹੀਂ ਓਏ! ਸ਼ਬਦ ਤਾਂ ਉਹ ਸਾਨੂੰ ਸਿਖਾ ਗਿਆ ਹੈ। ਉਹ ਸਿਰਫ ਆਪਣਾ ਅਫਸਰ ਹੀ ਨਹੀਂ, ਬਾਪ ਵੀ ਹੈ, ਜਿਸਨੂੰ ਮੈਥੋਂ ਜ਼ਿਆਦਾ ਮੇਰੇ ਬੱਚਿਆਂ ਦਾ ਫ਼ਿਕਰ ਹੈ।”
ਇੰਨਾਂ ਆਖਦਿਆਂ ਉਹ ਦਫ਼ਤਰ ਵੱਲ ਨੂੰ ਮੁੜ ਗਿਆ।
ਪੇਸ਼ਕਸ਼: ਗੁਰਮਾਨ ਸੈਣੀ
ਰਾਬਤਾ : 8360487488