ਲੁਧਿਆਣਾ (ਸਮਾਜਵੀਕਲੀ) – ਕਰੋਨਾ ਨਾਲ ਜੰਗ ’ਚ ਜਿੱਥੇ ਡਾਕਟਰ ਅਤੇ ਪੁਲੀਸ ਵਾਲੇ ਅਹਿਮ ਰੋਲ ਨਿਭਾ ਰਹੇ ਹਨ, ਉਥੇ ਅਜਿਹੇ ਵਿਅਕਤੀਆਂ ਦੀ ਵੀ ਫੌਜ ਹੈ, ਜੋ ਸਮਾਜ ਦੇ ਅੱਖੋਂ ਓਹਲੇ ਹੈ। ਇਹ ਹਨ ਸ਼ਹਿਰ ਦੇ ਲੱਖਾਂ ਘਰਾਂ ਵਿਚ ਰੋਜ਼ ਕੂੜਾ ਚੁੱਕਣ ਅਤੇ ਸੜਕਾਂ ਸਾਫ਼ ਕਰਨ ਵਾਲੇ ਸਫ਼ਾਈ ਕਰਮਚਾਰੀ। ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿਚ ਬਿਨ੍ਹਾਂ ‘ਹਥਿਆਰਾਂ’ ਤੋਂ ਹੀ ਇਹ ਸਫ਼ਾਈ ਸੇਵਕ ਰੋਜ਼ਾਨਾ ਸੜਕਾਂ ’ਤੇ ਜੂਝ ਰਹੇ ਹਨ।
ਕਰੋਨਾ ਦੀ ਸ਼ੁਰੂਆਤ ਵੇਲੇ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਮਾਸਕ ਅਤੇ ਦਸਤਾਨੇ ਵੰਡੇ ਗਏ ਸਨ। ਉਸ ਮਗਰੋਂ ਹੁਣ ਉਨ੍ਹਾਂ ਕੋਲ ਕੁਝ ਵੀ ਨਹੀਂ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਇਹ ਸਫ਼ਾਈ ਸੇਵਕ ਬਿਨਾਂ ਮਾਸਕ ਅਤੇ ਦਸਤਾਨਿਆਂ ਤੋਂ ਹੀ ਆਪਣੀ ਡਿਊਟੀ ਨਿਭਾ ਰਹੇ ਹਨ। ਸ਼ਹਿਰ ਵਿਚ 5500 ਤੋਂ ਵੱਧ ਸਫ਼ਾਈ ਸੇਵਕ ਹਨ, ਜਿਨ੍ਹਾਂ ਵਿਚੋਂ 3000 ਦੇ ਕਰੀਬ ਠੇਕੇ ’ਤੇ ਕੰਮ ਕਰਨ ਵਾਲੇ ਹਨ, ਜਿਨ੍ਹਾਂ ਨੂੰ ਹਰ ਮਹੀਨੇ 7650 ਰੁਪਏ ਤਨਖ਼ਾਹ ਮਿਲਦੀ ਹੈ।
ਸਨਅਤੀ ਸ਼ਹਿਰ ਵਿਚ 95 ਵਾਰਡ ਹਨ, ਜਿੱਥੇ ਘਰਾਂ ਤੋਂ ਕੂੜਾ ਚੁੱਕ ਕੇ ਕੂੜਾ ਕੁਲੈਕਸ਼ਨ ਪੁਆਇੰਟਾਂ ਤੱਕ ਪਹੁੰਚਾਉਣ ਲਈ ਇਹ ਸਫ਼ਾਈ ਸੇਵਕ ਰੋਜ਼ ਸਵੇਰੇ-ਸ਼ਾਮ ਕੰਮ ਕਰਦੇ ਹਨ। ਕੂੜਾ ਚੁੱਕਣ ਤੋਂ ਬਾਅਦ ਉਹ ਸੜਕਾਂ ਅਤੇ ਗਲੀਆਂ ’ਚ ਝਾੜੂ ਮਾਰਦੇ ਹਨ। ਖ਼ਤਰੇ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਜਿਨ੍ਹਾਂ ਘਰਾਂ ਵਿਚ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ, ਉਨ੍ਹਾਂ ਘਰਾਂ ਦਾ ਕੂੜਾ ਚੁੱਕਣ ਦਾ ਕੰਮ ਵੀ ਇਹੀ ਸਫ਼ਾਈ ਕਰਮਚਾਰੀ ਕਰ ਰਹੇ ਹਨ।
ਜਿਹੜੇ ਮੁਹੱਲੇ ਜ਼ਿਆਦਾਤਰ ਮਰੀਜ਼ਾਂ ਕਾਰਨ ਹੌਟਸਪੌਟ ਹਨ ਤੇ ਸੀਲ ਕੀਤੇ ਗਏ ਹਨ, ਉਨ੍ਹਾਂ ਵਿਚ ਵੀ ਕੂੜਾ ਚੁੱਕਣ ’ਤੇ ਸਫ਼ਾਈ ਦਾ ਕੰਮ ਇਨ੍ਹਾਂ ਸਫ਼ਾਈ ਕਰਮਚਾਰੀਆਂ ਹਵਾਲੇ ਹੈ। ਪਰ ਉਨ੍ਹਾਂ ਨੂੰ ਨਾ ਤਾਂ ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਨਾ ਹੀ ਬਚਾਅ ਲਈ ਮਾਸਕ ਤੇ ਦਸਤਾਨੇ। ਸੈਨੇਟਾਈਜ਼ਰ ਮਹਿੰਗੇ ਹਨ, ਇਸ ਕਾਰਨ ਇਹ ਲੋਕ ਘਰੋਂ ਸਾਬਣ ਲਿਆ ਕੇ ਰਸਤਿਆਂ ਵਿਚ ਹੱਥ ਧੋ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।
ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਹਾਲਾਤ ਇਹ ਹਨ ਕਿ ਕਰੋਨਾ ਦਾ ਰੌਲਾ ਜਿਸ ਦਿਨ ਪਿਆ ਸੀ, ਉਸ ਤੋਂ ਦੋ-ਤਿੰਨ ਦਿਨ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਾਸਕ ਅਤੇ ਦਸਤਾਨੇ ਵੰਡੇ ਸਨ। ਪਰ ਉਹ ਮਾਸਕ ਤੇ ਦਸਤਾਨੇ ਕੁਝ ਦਿਨ ਹੀ ਚੱਲੇ ਅਤੇ ਬਾਅਦ ਵਿਚ ਫਟ ਗਏ। ਹੁਣ ਉਹ ਬਿਨਾਂ ਮਾਸਕ ਅਤੇ ਦਸਤਾਨਿਆਂ ਤੋਂ ਕੰਮ ਚਲਾ ਰਹੇ ਹਨ। ਕੁਝ ਮੁਲਾਜ਼ਮ ਆਪਣੇ ਪੈਸੇ ਖ਼ਰਚ ਕਰ ਕੇ ਜਾਂ ਫਿਰ ਗੈਰ ਸਰਕਾਰੀ ਸੰਸਥਾ ਵੱਲੋਂ ਵੰਡੇ ਜਾ ਰਹੇ ਮਾਸਕ ਤੇ ਦਸਤਾਨਿਆਂ ਨਾਲ ਗੁਜ਼ਾਰਾ ਚਲਾ ਰਹੇ ਹਨ।
ਗਿੱਲ ਰੋਡ ਵਾਲੇ ਪਾਸੇ ਕੂੜਾ ਚੁੱਕਣ ਵਾਲੇ ਮੁਲਾਜ਼ਮ ਨੇ ਦੱਸਿਆ,‘‘ਹੁਣ ਕੂੜਾ ਚੁੱਕਣ ਸਮੇਂ ਡਰ ਲਗਦਾ ਹੈ, ਕਿਉਂਕਿ ਲੋਕ ਆਪਣੇ ਘਰਾਂ ਦੇ ਕੂੜੇ ਵਿਚ ਹੀ ਮੂੰਹ ’ਤੇ ਲਗਾਏ ਮਾਸਕ ਸੁੱਟ ਰਹੇ ਹਨ। ਕਈ ਘਰਾਂ ’ਚ ਤਾਂ ਮੈਡੀਕਲ ਵੇਸਟ ਵੀ ਕੂੜੇ ਵਿਚ ਪਾ ਦਿੱਤਾ ਜਾਂਦਾ ਹੈ। ਕੂੜਾ ਕੁਲੈਕਸ਼ਨ ਪੁਆਇੰਟਾਂ ’ਤੇ ਸਾਰਾ ਕੂੜਾ ਵੱਖ ਵੱਖ ਕਰਨਾ ਪੈਂਦਾ ਹੈ ਜਿਸ ਕਾਰਨ ਅਸੀਂ ਬਿਮਾਰੀ ਤੋਂ ਡਰੇ ਹੋਏ ਹਾਂ।’’