ਪਹਿਲੀ ਵਾਰ ਤੋੜੀ ਖਾਮੋਸ਼ੀ; ਕਾਂਗਰਸ ’ਤੇ ਕੀਤੇ ਤਿੱਖੇ ਹਮਲੇ
ਝਾਰਖੰਡ ਹਜੂਮੀ ਹਿੰਸਾ ’ਤੇ ਖਾਮੋਸ਼ੀ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਦੋਸ਼ੀਆਂ ਨੂੰ ਕਰੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਂਜ ਉਨ੍ਹਾਂ ਕਿਹਾ ਕਿ ਝਾਰਖੰਡ, ਪੱਛਮੀ ਬੰਗਾਲ ਜਾਂ ਕੇਰਲ ਹੋਵੇ, ਪੂਰੇ ਮੁਲਕ ’ਚ ਹਰ ਤਰ੍ਹਾਂ ਦੀ ਹਿੰਸਾ ਨਾਲ ਇਕੋ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ,‘‘ਹਰੇਕ ਨਾਗਰਿਕ ਦੀ ਸੁਰੱਖਿਆ ਸਾਡਾ ਸੰਵੈਧਾਨਿਕ ਫਰਜ਼ ਹੈ। ਪਰ ਪੂਰੇ ਸੂਬੇ ਨੂੰ ਇਸ ਘਟਨਾ ਲਈ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ ਹੈ।’’ ਰਾਜ ਸਭਾ ’ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਬਿਹਾਰ ’ਚ ‘ਦਿਮਾਗੀ ਬੁਖਾਰ’ ਨਾਲ 130 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਵੀ ਉਠਾਇਆ ਅਤੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਅਜਿਹੇ ਰੋਗ ਪੈਦਾ ਹੋ ਰਹੇ ਹਨ ਜੋ ਸੱਭ ਤੋਂ ਵੱਡੀ ਨਾਕਾਮੀ ਹੈ। ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਰਾਜ ਸਭਾ ’ਚ ਹੋਈ ਬਹਿਸ ਦੇ ਜਵਾਬ ਦੌਰਾਨ ਉਨ੍ਹਾਂ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਤੋਂ ਪੁਰਾਣੀ ਪਾਰਟੀ ਦਾ ਹੰਕਾਰ ਹੈ ਕਿ ਉਹ ਹਾਰ ਕਬੂਲਣ ਲਈ ਤਿਆਰ ਨਹੀਂ ਹੈ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ’ਤੇ ਸ਼ੱਕ ਕਰਕੇ ਲੋਕਾਂ ਦੇ ਫ਼ਤਵੇ ਉਪਰ ਲਗਾਤਾਰ ਸੁਆਲ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ,‘‘ਕਾਂਗਰਸ ਦੀ ਵਾਇਨਾਡ ਅਤੇ ਰਾਏਬਰੇਲੀ ਸੀਟਾਂ ’ਤੇ ਜਿੱਤ ਵੀ ਕੀ ਮੁਲਕ ਦੀ ਹਾਰ ਸੀ।’ ਪ੍ਰਧਾਨ ਮੰਤਰੀ ਨੇ ਕਿਹਾ,‘‘ਕਿਸਾਨ ਵਿਕਣ ਲਈ ਨਹੀਂ ਹੁੰਦੇ ਹਨ। ਕਿਸਾਨਾਂ ਨੂੰ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਦੋ ਹਜ਼ਾਰ ਰੁਪਏ ’ਚ ਵਿਕਣ ਜਿਹੀ ਭਾਸ਼ਾ ਦੀ ਵਰਤੋਂ ਕਰਕੇ ਕਾਂਗਰਸ ਨੇ 15 ਕਰੋੜ ਕਿਸਾਨਾਂ ਦਾ ਅਪਮਾਨ ਕੀਤਾ ਹੈ।’’ ਉਨ੍ਹਾਂ ਕਾਂਗਰਸ ਵੱਲੋਂ ਮੀਡੀਆ ਦੇ ਭਾਜਪਾ ਦੇ ਹੱਕ ’ਚ ਵਿਕਣ ਬਾਰੇ ਦਿੱਤੇ ਗਏ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੀ ਤਾਮਿਲਨਾਡੂ ਅਤੇ ਕੇਰਲ ’ਚ ਵੀ ਮੀਡੀਆ ਵਿਕਿਆ ਸੀ ਜਿਥੇ ਕਾਂਗਰਸ ਅਤੇ ਉਸ ਦੇ ਭਾਈਵਾਲਾਂ ਦੀ ਜਿੱਤ ਹੋਈ ਹੈ। ‘ਇਕ ਮੁਲਕ, ਇਕ ਚੋਣ’ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਵਿਚਾਰ ਭਾਵੇਂ ਚੰਗਾ ਨਹੀਂ ਲੱਗਾ ਪਰ ਇਸ ਵਿਸ਼ੇ ’ਤੇ ਬਹਿਸ ਜ਼ਰੂਰ ਹੋਣੀ ਚਾਹੀਦੀ ਹੈ। ਸ੍ਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜ ਸਭਾ ’ਚ ਸਰਕਾਰ ਕੋਲ ਬਹੁਮਤ ਨਹੀਂ ਹੈ ਪਰ ਸਦਨ ’ਚ ਲੋਕਾਂ ਦੇ ਫਤਵੇ ਦੀ ਆਵਾਜ਼ ਨਹੀਂ ਦਬਾਈ ਜਾਣੀ ਚਾਹੀਦੀ ਹੈ। ਪਾਣੀ ਦੇ ਵੱਧ ਰਹੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ 226 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ ਜਿਥੇ ਪਾਣੀ ਦੀ ਬਹੁਤ ਕਮੀ ਹੈ ਅਤੇ ਸੰਸਦ ਮੈਂਬਰਾਂ ਨੂੰ ਆਪਣੇ ਸਥਾਨਕ ਏਰੀਆ ਵਿਕਾਸ ਫੰਡ ਦੀ ਵਰਤੋਂ ਕਰਕੇ ਇਸ ਸਮੱਸਿਆ ਦੇ ਹੱਲ ’ਚ ਸਹਾਇਤਾ ਕਰਨੀ ਚਾਹੀਦੀ ਹੈ। ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਉਨ੍ਹਾਂ ਦੇ ਆਗੂ ਸਨ ਅਤੇ ਕਾਂਗਰਸ ਵਰਕਿੰਗ ਕਮੇਟੀ ਨੂੰ ਗੁਜਰਾਤ ’ਚ ਬੈਠਕ ਕਰਕੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ।