(ਸਮਾਜ ਵੀਕਲੀ)
ਅੱਜ ਦੇ ਸਮੇਂ ਵਿੱਚ ਪੰਜਾਬੀ ਗੀਤਕਾਰੀ ਵਿੱਚ ਬਹੁਤ ਥੋੜ੍ਹੇ ਨਾਂ ਹਨ ਜਿਨ੍ਹਾਂ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਹਨਾਂ ਨੇ ਭਾਵੇਂ ਥੋੜ੍ਹਾ ਲਿਖਿਆ ਹੈ ਪਰ ਉਹ ਅਜੋਕੀ ਚਕਾਚੌਂਧ ਗੀਤਕਾਰੀ ਦੇ ਪਿੱਛਲੱਗ ਨਹੀਂ ਬਣੇ ਹਨ ਸਗੋਂ ਆਪਣਾ ਅਲੱਗ ਰਸਤਾ ਬਣਾਇਆ ਹੈ।ਇਹੋ ਜਿਹਾ ਹੀ ਸੱਭਿਆਚਾਰਕ ਤੇ ਮਿਆਰੀ ਗੀਤ ਲਿਖਣ ਵਾਲਾ ਗੀਤਕਾਰ ਕੁਲਦੀਪ ਕੰਡਿਆਰਾ ਹੈ।ਉਸ ਨੇ ਪੰਜਾਬੀ ਗੀਤਕਾਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਸ ਨੇ ਅਜੋਕੀ ਤੜਕ ਭੜਕ ਵਾਲੀ ਗੀਤਕਾਰੀ ਤੋਂ ਦੂਰ ਰਹਿ ਕੇ ਹਮੇਸ਼ਾ ਆਪਣੇ ਗੀਤਾਂ ਵਿੱਚ ਪਿੰਡਾਂ ਦੀ ਡੁਬਦੀ ਆਰਥਿਕਤਾ, ਕਿਸਾਨੀ ਸੰਕਟ,ਜਿਹੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਜ਼ਰੀਏ ਉਭਾਰਿਆ ਹੈ।ਇਸ ਮਾਣਮੱਤੇ ਗੀਤਕਾਰ ਦਾ ਜਨਮ ਜੀਰਾ ਸਿੰਘ ਤੇ ਮਾਤਾ ਅੰਗਰੇਜ਼ ਕੌਰ ਦੇ ਗ੍ਰਹਿ ਵਿੱਚ ਪਿੰਡ ਨਾਨਕਸਰ ਜ਼ਿਲ੍ਹਾ ਫ਼ਰੀਦਕੋਟ ਵਿਖੇ ਇੱਕ ਮਜ਼ਦੂਰ ਪਰਿਵਾਰ ਵਿੱਚ ਹੋਇਆ ਹੈ।
ਘਰ ਦੀ ਆਰਥਿਕ ਹਾਲਤ ਵਧੀਆ ਨਹੀਂ ਸੀ ਇਸ ਲਈ ਪਿਤਾ ਜੀ ਘਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਚਲਾਉਂਦੇ ਸਨ। ਕੁਲਦੀਪ ਵੀ ਘਰ ਵਿੱਚ ਤੰਗੀ ਹੋਣ ਕਰਕੇ ਜ਼ਿਆਦਾ ਪੜ੍ਹ ਲਿਖ ਨਹੀਂ ਸਕਿਆ ਤੇ ਦਸਵੀਂ ਪਾਸ ਕਰਨ ਮਗਰੋਂ ਆਪਣੇ ਪਿਤਾ ਜੀ ਨਾਲ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ।ਪਰ ਉਸਨੂੰ ਗੀਤ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ ਤੇ ਉਹ ਆਪਣੇ ਗੀਤ ਲਿਖਣ ਦੇ ਸ਼ੌਕ ਬਾਰੇ ਦੱਸਦਾ ਹੈ ਕਿ ਉਹ ਜਦ ਛੋਟਾ ਹੁੰਦਾ ਸੀ ਤਾਂ ਕੋਠਿਆਂ ਤੇ ਸਪੀਕਰਾਂ ਅਤੇ ਖੇਤਾਂ ਵਿੱਚ ਟੇਪ ਰਿਕਾਰਡਾਂ ਵਿੱਚ ਵੱਜਦੇ ਮੁਹੰਮਦ ਸਦੀਕ, ਰਣਜੀਤ ਕੌਰ, ਕੁਲਦੀਪ ਮਾਣਕ, ਯਮਲਾ ਜੱਟ ਦੇ ਗੀਤ ਸੁਣਦਾ ਤਾਂ ਉਸ ਅੰਦਰ ਵਲਵਲੇ ਜਿਹੇ ਪੈਦਾ ਹੁੰਦੇ।ਉਸ ਅੰਦਰ ਵੀ ਆਪਣਾ ਨਾਂ ਗੀਤਾਂ ਵਿੱਚ ਸੁਨਣ ਲਈ ਇੱਕ ਰੀਝ ਅੰਗੜਾਈ ਲੈਣ ਲੱਗਦੀ।
ਫਿਰ ਜਦ ਉਹ ਸਕੂਲ ਵਿੱਚ ਪੜ੍ਹਨ ਲੱਗਾ ਤਾਂ ਉਹ ਬਾਲ ਸਭਾ ਵਿੱਚ ਆਪਣੇ ਸ਼ਬਦਾਂ ਨੂੰ ਗੀਤਾਂ ਦਾ ਰੂਪ ਦੇ ਕੇ ਗਾਉਣ ਲੱਗ ਪਿਆ।ਇਸ ਤਰ੍ਹਾਂ ਫਿਰ ਹੌਲੀ ਹੌਲੀ ਗੀਤ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਉਹ ਦਿਨ ਵੇਲੇ ਦਿਹਾੜੀ ਤੇ ਜਾਂਦਾ ਤੇ ਰਾਤ ਨੂੰ ਗੀਤ ਲਿਖਦਾ।ਉਸ ਨੇ ਸ਼ੁਰੂ ਵਿੱਚ ਬਹੁਤ ਸਾਰੇ ਕਲਾਕਾਰਾਂ ਨੂੰ ਗੀਤ ਦਿੱਤੇ ਪਰ ਕਿਸੇ ਨੇ ਚੱਜ ਨਾਲ ਹੁੰਗਾਰਾ ਨਾ ਦਿੱਤਾ।ਉਸ ਤੋਂ ਬਾਅਦ ਉਸਦੇ ਇੱਕ ਮਿੱਤਰ ਗਾਇਕ ਦਿਲਬਾਗ ਚਹਿਲ ਜੋ ਕਿ ਉਸਦੇ ਪਿੰਡ ਤੋਂ ਹੀ ਹੈ ਨੇ ਉਸ ਦਾ ਮੇਲ਼ ਕਰਮਜੀਤ ਅਨਮੋਲ ਨਾਲ ਕਰਵਾਇਆ। ਕਰਮਜੀਤ ਅਨਮੋਲ ਨੇ ਜਦ ਉਸਦੇ ਗੀਤ ਵੇਖੇ ਤਾਂ ਉਸਨੂੰ ਪਸੰਦ ਆ ਗਏ ਤੇ ਫਿਰ ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ ਉਸਦਾ ਪਹਿਲਾ ਗੀਤ ‘ਬਲੌਰੀ ਅੱਖ’ ਕੈਸਿਟ ਵਿੱਚ ‘ਤੇਰੇ ਹੀ ਚੁਬਾਰੇ ਵੱਲ ਖੁੱਲ੍ਹੇ ਗੋਰੀਏ ਨੀ ਸਾਰੇ ਪਿੰਡ ਦੇ ਚੁਬਾਰਿਆਂ ਦੀ ਬਾਰੀ’ ਰਿਕਾਰਡ ਹੋਇਆ।
ਉਸ ਤੋਂ ਬਾਅਦ ਤਾਂ ਇੱਕ ਤਰ੍ਹਾਂ ਨਾਲ ਰਸਤਾ ਜਿਹਾ ਬਣ ਗਿਆ ਤੇ ਫਿਰ ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ ਉਸਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ ਜਿਨ੍ਹਾਂ ਵਿੱਚ ਯਾਰਾ ਵੇ ਯਾਰਾ, ਪਿੰਡ ਵਿਕਾਊ, ਤੇਰਾ ਨਾਮ, ਰੋਟੀ, ਆਦਿ ਪ੍ਰਮੁੱਖ ਹਨ ਤੇ ਇਹ ਸਿਲਸਿਲਾ ਅੱਜ ਵੀ ਬਰਕਰਾਰ ਹੈ। ਕਰਮਜੀਤ ਅਨਮੋਲ ਤੋਂ ਇਲਾਵਾ ਉਸਦੇ ਗੀਤ ਹਰਭਜਨ ਸ਼ੇਰਾ,ਮਿਸ ਪੂਜਾ, ਸੁਦੇਸ਼ ਕੁਮਾਰੀ, ਰਾਜਾ ਸਿੱਧੂ, ਰਾਜਵਿੰਦਰ ਕੌਰ ਪਟਿਆਲਾ, ਪ੍ਰਗਟ ਭਾਗੂ, ਰਾਣੀ ਰਣਦੀਪ, ਕੁਲਵਿੰਦਰ ਕੰਵਲ, ਜਸਵੰਤ ਪੱਪੂ,ਸਿਕੰਦਰ ਸਲੀਮ, ਰਜ਼ਾ ਹੀਰ, ਦਿਲਬਾਗ ਚਹਿਲ,ਆਦਿ ਨੇ ਗਾਏ ਹਨ।ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਯਾਰਾ ਵੇ ਯਾਰਾ,ਜੱਟ ਬੁਆਏਜ ਪੁੱਤ ਜੱਟਾਂ ਦੇ,ਵਕਤ,ਲੈਦਰ ਲਾਈਫ,ਦਿਲ ਜਾਨੀਆ, ਮੁੰਡੇ ਕਮਾਲ ਦੇ, ਰਾਂਝਾ ਰਿਫੂਊਜੀ, ਗੋਰਿਆਂ ਨੂੰ ਦਫ਼ਾ ਕਰੋ, ਵਧਾਈਆਂ ਜੀ ਵਧਾਈਆਂ,ਨਿੱਕਾ ਜ਼ੈਲਦਾਰ,ਮਿੰਦੋ ਤਸੀਲਦਾਰਨੀ,ਆਟੇ ਦੀ ਚਿੜੀ, ਤੇ ਮੰਜੇ ਬਿਸਤਰੇ ਫ਼ਿਲਮਾਂ ਲਈ ਗੀਤ ਲਿਖੇ ਹਨ।
ਕੁਲ ਮਿਲਾ ਕੇ ਉਸਦੇ ਹੁਣ ਤੱਕ ਸੌ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ।ਉਹ ਅਜੋਕੀ ਪੰਜਾਬੀ ਗੀਤਕਾਰੀ ਬਾਰੇ ਕਹਿੰਦਾ ਹੈ ਕਿ ਇਸਦੀ ਤ੍ਰਾਸਦੀ ਹੈ ਕਿ ਇੱਥੇ ਗੀਤਕਾਰਾਂ ਨੂੰ ਬਹੁਤ ਘੱਟ ਮਿਹਨਤਾਨਾ ਦਿੱਤਾ ਜਾਂਦਾ ਹੈ। ਖ਼ਾਸ ਕਰਕੇ ਮੇਰੇ ਵਰਗੇ ਸੰਗਾਊ ਜਿਹੇ ਬੰਦੇ ਨੂੰ ਤਾਂ ਹੋਰ ਵੀ ਘੱਟ ਮਿਹਨਤਾਨਾ ਮਿਲਦਾ ਹੈ। ਤੁਸੀਂ ਵੇਖੋ ਇੱਕ ਗਾਇਕ ਤਾਂ ਗੀਤ ਗਾ ਕੇ ਸਟਾਰ ਬਣ ਜਾਂਦਾ ਹੈ ਤੇ ਗੀਤਕਾਰ ਉੱਥੇ ਹੀ ਰਹਿੰਦਾ ਹੈ ਜਦਕਿ ਗਾਇਕ ਨੂੰ ਸਟਾਰ ਬਣਾਉਣ ਵਿੱਚ ਗੀਤਕਾਰ ਦਾ ਪੂਰਾ ਯੋਗਦਾਨ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਗੀਤਕਾਰਾਂ ਨੂੰ ਬਣਦਾ ਮਾਣ ਸਤਿਕਾਰ ਨਾ ਮਿਲਣ ਕਰਕੇ ਹੀ ਜ਼ਿਆਦਾ ਗੀਤਕਾਰ ਗਾਇਕੀ ਵੱਲ ਆ ਰਹੇ ਹਨ।
ਉਸ ਦੇ ਆਉਣ ਵਾਲੇ ਸਮੇਂ ਵਿੱਚ ਕਰਮਜੀਤ ਅਨਮੋਲ ਨਾਲ ਤਾਂ ਗੀਤ ਆ ਹੀ ਰਹੇ ਹਨ ਪਰ ਇਸ ਤੋਂ ਇਲਾਵਾ ਅਲੀ ਬ੍ਰਦਰਜ਼ ,ਹੁਸਤਿੰਦਰ, ਸਿਕੰਦਰ ਸਲੀਮ,ਗੈਰੀ ਸੰਧੂ, ਆਦਿ ਗਾਇਕ ਵੀ ਉਸਦੇ ਗੀਤਾਂ ਨੂੰ ਆਵਾਜ਼ਾਂ ਦੇ ਰਹੇ ਹਨ।ਇਸ ਤੋਂ ਬਿਨਾਂ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਉਸਦੇ ਲਿਖੇ ਗੀਤ ਆ ਰਹੇ ਹਨ ਜਿਨ੍ਹਾਂ ਵਿੱਚ ਪਤੰਗ, ਟੈਲੀਵਿਜ਼ਨ,ਨਿੱਕਾ ਮੋਟਾ,ਲੱਡੂ ਬਰਫ਼ੀ, ਪ੍ਰਾਹੁਣਿਆਂ ਨੂੰ ਦਫ਼ਾ ਕਰੋ ਤੇ ਰੱਬਾ ਰੱਬਾ ਮੀਂਹ ਬਰਸਾ ਪ੍ਰਮੁੱਖ ਹਨ। ਫ਼ਿਲਮ ਪਤੰਗ ਵਿੱਚ ਉਸਦਾ ਲਿਖਿਆ ਹਿੰਦੀ ਗੀਤ ਆ ਰਿਹਾ ਹੈ।ਇਸ ਤੋਂ ਪਹਿਲਾਂ ਵੀ ਉਸਨੇ ਇੱਕ ਹਿੰਦੀ ਗੀਤ ਫ਼ਿਲਮ ਸੈਕਿੰਡ ਹੈਂਡ ਹਸਬੈਂਡ ਲਈ ਲਿਖਿਆ ਹੈ।ਉਹ ਆਪਣੇ ਹੁਣ ਤੱਕ ਦੇ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਤੇ ਅੱਜਕੱਲ੍ਹ ਉਹ ਆਪਣੀ ਪਤਨੀ ਰਾਜਵਿੰਦਰ ਕੌਰ ਬੇਟਾ ਬਰਕਤਗੀਤ ਤੇ ਬੇਟੀ ਸਰਗਮਜੋਤ ਨਾਲ ਆਪਣੇ ਪਿੰਡ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਿਹਾ ਹਾਂ।
ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly