ਕਸ਼ਮੀਰ ਵਾਦੀ ਵਿੱਚ ਅੱਜ ਕਰੀਬ ਸੱਤ ਮਹੀਨਿਆਂ ਬਾਅਦ ਸਕੂਲ ਖੁੱਲ੍ਹੇ ਅਤੇ ਹਜ਼ਾਰਾਂ ਵਿਦਿਆਰਥੀ ਵਰਦੀਆਂ ਪਹਿਨ ਕੇ ਸਕੂਲਾਂ ਵਿੱਚ ਪੁੱਜੇ। ਜੰਮੂ ਕਸ਼ਮੀਰ ਵਿੱਚੋਂ ਪਿਛਲੇ ਵਰ੍ਹੇ 5 ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਬਣੇ ਹਾਲਾਤ ਅਤੇ ਸਰਦ ਰੁੱਤ ਦੀਆਂ ਛੁੱਟੀਆਂ ਕਾਰਨ ਸਕੂਲ ਬੰਦ ਪਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਸਕੂਲਾਂ ਵਿੱਚ ਹਾਜ਼ਰ ਹੋਣ ਦੇ ਮੱਦੇਨਜ਼ਰ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕਈ ਮਹੀਨਿਆਂ ਬਾਅਦ ਸਕੂਲ ਵਿੱਚ ਹੋਈ ਵਾਪਸੀ ਕਰਕੇ ਵਿਦਿਆਰਥੀ ਬਾਗੋਬਾਗ ਹਨ। ਇੱਥੇ ਨਿੱਜੀ ਸਕੂਲ ਦੀ ਛੇਵੀਂ ਜਮਾਤ ਦੇ ਵਿਦਿਆਰਥੀ ਜ਼ੀਆ ਜਾਵੇਦ ਨੇ ਕਿਹਾ, ‘‘ਏਨੇ ਮਹੀਨਿਆਂ ਬਾਅਦ ਆਪਣੇ ਸਕੂਲ ਅਤੇ ਜਮਾਤ ਵਿੱਚ ਵਾਪਸੀ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ।’’ ਜਾਵੇਦ ਨੇ ਦੱਸਿਆ ਕਿ ਆਪਣੇ ਦੋਸਤਾਂ ਅਤੇ ਸਹਿਪਾਠੀਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਰਿਹਾ ਹੈ। ਚੌਥੀ ਜਮਾਤ ਦੇ ਨੁਮਾਨ ਨੇ ਕਿਹਾ, ‘‘ਮੈਂ ਪਿਛਲੇ ਮਹੀਨਿਆਂ ਵਿੱਚ ਤਿੰਨ-ਚਾਰ ਵਾਰ ਸਕੂਲ ਗਿਆ ਅਤੇ ਆਪਣਾ ਕੰਮ ਲੈ ਕੇ ਆ ਗਿਆ, ਪਰ ਕਲਾਸਾਂ ਨਹੀਂ ਲੱਗ ਰਹੀਆਂ ਸਨ। ਮੈਂ ਕਲਾਸਾਂ ਲਾਉਣਾ ਚਾਹੁੰਦਾ ਹਾਂ ਕਿਉਂਕਿ ਮੈਂ ਪੜ੍ਹਨਾ ਚਾਹੁੰਦਾ ਹਾਂ ਅਤੇ ਡਾਕਟਰ ਬਣਨਾ ਚਾਹੁੰਦਾ ਹਾਂ।’’
ਅਧਿਆਪਕਾਂ ਨੇ ਆਉਣ ਵਾਲੇ ਸਮੇਂ ਵਿੱਚ ਚੰਗਾ ਵਰ੍ਹਾ ਹੋਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਵਰ੍ਹੇ ਵਾਦੀ ਦੇ ਹਾਲਾਤ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਅਸਰ ਪਿਆ ਹੈ। ਨਿੱਜੀ ਸਕੂਲ ਦੀ ਅਧਿਆਪਕਾ ਨੇ ਕਿਹਾ, ‘‘ਸਿਆਸਤ ਦੀ ਗੱਲ ਕੀਤੇ ਬਿਨਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਪਿਛਲੇ ਵਰ੍ਹੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ। ਮੈਂ ਚਾਹੁੰਦੀ ਹਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਲਗਾਤਾਰ ਅਤੇ ਨਿਰਵਿਘਨ ਚੱਲਦੀ ਹੈ ਅਤੇ ਆਸ ਕਰਦੀ ਹਾਂ ਕਿ ਅਗਲੇ ਵਰ੍ਹੇ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ।’’ ਦੱਸਣਯੋਗ ਹੈ ਕਿ ਪਹਿਲਾਂ ਵੀ ਸਰਕਾਰ ਵਲੋਂ ਪੜਾਅਵਾਰ ਸਕੂਲ ਖੁਲ੍ਹਵਾਉਣ ਲਈ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸੁਰੱਖਿਆ ਤੋਂ ਚਿੰਤਤ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਹੋਏ। ਪਿਛਲੇ ਸਾਲ ਦੇ ਅਖੀਰ ਵਿੱਚ ਵਾਦੀ ਦੇ ਕੁਝ ਸਕੂਲ ਖੋਲ੍ਹੇ ਗਏ ਸਨ ਪਰ ਵਿਦਿਆਰਥੀਆਂ ਨੂੰ ਬਿਨਾ ਵਰਦੀ ਤੋਂ ਸਕੂਲ ਆਉਣ ਲਈ ਆਖਿਆ ਗਿਆ ਸੀ।
ਕਸ਼ਮੀਰ ਸਕੂਲ ਸਿੱਖਿਆ ਦੇ ਡਾਇਰੈਕਟਰ ਮੁਹੰਮਦ ਯੂਨਿਸ ਮਲਿਕ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਵਧੇਰੇ ਜ਼ਿੰਮੇਵਾਰੀ ਨਾਲ ਮਿਹਨਤ ਕਰ ਕੇ ਸਮੇਂ ਸਿਰ ਸਿਲੇਬਸ ਪੂਰਾ ਕਰਵਾ ਦੇਣ।
HOME ਸੱਤ ਮਹੀਨਿਆਂ ਬਾਅਦ ਕਸ਼ਮੀਰ ਵਾਦੀ ਵਿੱਚ ਸਕੂਲ ਖੁੱਲ੍ਹੇ