ਗਾਜ਼ੀਪੁਰ (ਸਮਾਜ ਵੀਕਲੀ) : ਕਿਸਾਨ ਅੰਦੋਲਨ ਕਮੇਟੀ ਨੇ ਗਾਜ਼ੀਪੁਰ ਬਾਰਡਰ ’ਤੇ ਬੈਠੇ ਮੁਜ਼ਾਹਰਾਕਾਰੀਆਂ ਦਾ ਪਿਛੋਕੜ ਜਾਂਚਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗੜਬੜ ਟਾਲੀ ਜਾ ਸਕੇ। ਵਾਲੰਟੀਅਰ ਟੈਂਟਾਂ ਵਿਚ ਬੈਠੇ ਮੁਜ਼ਾਹਰਾਕਾਰੀਆਂ ਕੋਲ ਜਾ ਰਹੇ ਹਨ ਤੇ ਦਸਤਾਵੇਜ਼ ਜਾਂਚ ਰਹੇ ਹਨ। ਵਾਲੰਟੀਅਰਾਂ ਨੂੰ ਇਨ੍ਹਾਂ ਵਿਅਕਤੀਆਂ ਬਾਰੇ ਹੋਰ ਜਾਣਕਾਰੀ ਵੀ ਨੋਟ ਕਰਨ ਲਈ ਕਿਹਾ ਗਿਆ ਹੈ। ਉਹ ਗਾਜ਼ੀਪੁਰ ਧਰਨੇ ’ਚ ਸ਼ਾਮਲ ਕਈਆਂ ਦੇ ਪਿੰਡਾਂ ਦੇ ਨਾਂ ਵੀ ਨੋਟ ਕਰ ਰਹੇ ਹਨ।
ਇਹ ਵੀ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕੀ ਉਹ ਆਪਣੀ ਕਿਸਾਨ ਜਥੇਬੰਦੀ ਦੇ ਸਥਾਨਕ ਜ਼ਿਲ੍ਹਾ ਪ੍ਰਧਾਨ ਦੇ ਸੱਦੇ ਉਤੇ ਰੋਸ ਵਿਚ ਸ਼ਾਮਲ ਹੋਣ ਆਏ ਹਨ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸੱਦਾ ਦਿੱਤਾ ਸੀ ਕਿ ਮੁਜ਼ਾਹਰੇ ਵਾਲੀਆਂ ਥਾਵਾਂ ਤੋਂ ਉਨ੍ਹਾਂ ਸੱਜੇ-ਪੱਖੀ ਤੱਤਾਂ ਨੂੰ ਲੱਭ ਕੇ ਹਟਾਇਆ ਜਾਵੇ ਜੋ ਕਿਸਾਨਾਂ ਦੇ ਭੇਸ ਵਿਚ ਉੱਥੇ ਬੈਠੇ ਹਨ। ਉਸ ਤੋਂ ਬਾਅਦ ਇਹ ਕਾਰਵਾਈ ਆਰੰਭੀ ਗਈ ਹੈ।
ਟਿਕੈਤ ਨੇ ਸ਼ਨਿਚਰਵਾਰ ਕਿਹਾ ਸੀ ਕਿ ਅਜਿਹੇ ਸਾਰੇ ਤੱਤਾਂ ਦਾ ‘ਇਲਾਜ ਕੀਤਾ ਜਾਵੇਗਾ।’ ਕਿਸਾਨ ਅੰਦੋਲਨ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਬਾਜਵਾ ਮੁਤਾਬਕ ਇਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਬਾਹਰ ਰੱਖਿਆ ਜਾ ਸਕੇਗਾ ਜਿਨ੍ਹਾਂ ਮੁਜ਼ਾਹਰੇ ਵਾਲੀਆਂ ਥਾਵਾਂ ਨੂੰ ‘ਪਿਕਨਿਕ ਸਪੌਟ’ ਸਮਝਣਾ ਸ਼ੁਰੂ ਕਰ ਦਿੱਤਾ ਹੈ। ਬਾਜਵਾ ਨੇ ਨਾਲ ਹੀ ਕਿਹਾ ਕਿ ਇਹ ਇਕ ਤਰ੍ਹਾਂ ਦਾ ਸੁਨੇਹਾ ਹੈ ਕਿ ਇਹ ਮੁਜ਼ਾਹਰੇ ਵਾਲੀ ਥਾਂ ਹੈ ਤੇ ਅਸਲ ਮੰਤਵਾਂ ਵਾਲਿਆਂ ਨੂੰ ਹੀ ਇੱਥੇ ਟਿਕਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਜਾਂਚ-ਪੜਤਾਲ ਕੀਤੀ ਗਈ ਤੇ ਵਾਲੰਟੀਅਰਾਂ ਨੂੰ ਕਈ ਅਜਿਹੇ ਵਿਅਕਤੀ ਮਿਲੇ ਹਨ ਜਿਨ੍ਹਾਂ ਦਾ ਇੱਥੇ ਟਿਕਣ ਦਾ ਕੋਈ ਮਤਲਬ ਨਹੀਂ ਸੀ। ਬੀਕੇਯੂ (ਯੂਪੀ) ਯੂਥ ਦੇ ਪ੍ਰਧਾਨ ਦਿਗਾਂਬਰ ਸਿੰਘ ਦੀ ਅਗਵਾਈ ਵਿਚ ਇਹ ਮੁਹਿੰਮ ਐਤਵਾਰ ਤੋਂ ਵਿੱਢੀ ਗਈ ਹੈ। ਵਾਲੰਟੀਅਰਾਂ ਨੇ ਕਿਹਾ ਕਿ ਉਹ ਜਾਣਕਾਰੀ ਲੈ ਕੇ ਪਿਛਲੇ ਸੰਪਰਕਾਂ ਨਾਲ ਰਾਬਤਾ ਕਰ ਰਹੇ ਹਨ, ਪੁਸ਼ਟੀ ਕੀਤੀ ਜਾ ਰਹੀ ਹੈ ਕਿ ਗਾਜ਼ੀਪੁਰ ਬੈਠੇ ਵਿਅਕਤੀਆਂ ਦਾ ਵਾਕਈ ਹੀ ਰੋਸ ਧਰਨੇ ਨਾਲ ਕੋਈ ਲੈਣਾ-ਦੇਣਾ ਹੈ।