ਸਿੱਖ ਕਤਲੇਆਮ ਨਾਲ ਸਬੰਧਤ ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਏਮਜ਼ ਹਸਪਤਾਲ ਦੇ ਬੋਰਡ ਅੱਗੇ ਵੀਰਵਾਰ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਉਣ ਦੀ ਲੋੜ ਹੈ ਜਾਂ ਨਹੀਂ। ਚੀਫ਼ ਜਸਟਿਸ ਐੱਸ ਏ ਬੋਬੜੇ ਅਤੇ ਜਸਟਿਸ ਬੀਆਰ ਗਵੱਈ ਤੇ ਸੂਰਿਆ ਕਾਂਤ ’ਤੇ ਆਧਾਰਿਤ ਬੈਂਚ ਨੇ ਸੱਜਣ ਕੁਮਾਰ ਨੂੰ ਭਲਕੇ ਸਵੇਰੇ ਸਾਢੇ 10 ਵਜੇ ਬੋਰਡ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਬੈਂਚ ਨੇ ਕਿਹਾ ਕਿ ਬੋਰਡ ਇਹ ਜਾਣਕਾਰੀ ਵੀ ਦੇਵੇ ਕਿ ਜੇਕਰ ਸੱਜਣ ਕੁਮਾਰ ਨੂੰ ਹਸਪਤਾਲ ’ਚ ਦਾਖ਼ਲ ਕਰਾਉਣ ਦੀ ਲੋੜ ਹੈ ਤਾਂ ਫਿਰ ਉਸ ਨੂੰ ਕਿੰਨੇ ਸਮੇਂ ਲਈ ਹਸਪਤਾਲ ’ਚ ਰੱਖਿਆ ਜਾ ਸਕਦਾ ਹੈ। ਬੈਂਚ ਨੇ ਹਫ਼ਤੇ ਬਾਅਦ ਰਿਪੋਰਟ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਏਮਜ਼ ਬੋਰਡ ਨੂੰ ਜਾਪਦਾ ਹੈ ਕਿ ਸੱਜਣ ਕੁਮਾਰ ਨੂੰ ਹਸਪਤਾਲ ’ਚ ਦਾਖ਼ਲ ਕਰਾਉਣ ਦੀ ਲੋੜ ਹੈ ਤਾਂ ਉਹ ਕਾਰਨ ਦੱਸਣ ਮਗਰੋਂ ਉਸ ਦਾ ਹਸਪਤਾਲ ’ਚ ਇਲਾਜ ਸ਼ੁਰੂ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਨੇ ਸਿਹਤ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ ਪਰ ਬੈਂਚ ਨੇ ਕਿਹਾ ਸੀ ਕਿ ਉਹ ਗਰਮੀ ਦੀਆਂ ਛੁੱਟੀਆਂ ਮਗਰੋਂ ਇਸ ਪਟੀਸ਼ਨ ਦਾ ਨਿਪਟਾਰਾ ਕਰੇਗੀ।
INDIA ਸੱਜਣ ਕੁਮਾਰ ਨੂੰ ਏਮਜ਼ ਬੋਰਡ ਅੱਗੇ ਪੇਸ਼ ਹੋਣ ਦੇ ਨਿਰਦੇਸ਼