(ਸਮਾਜ ਵੀਕਲੀ)
ਕਦੇ ਵੀ ਆਪਣੇ ਬੱਚਿਆਂ ਨੂੰ ਬਾਰ ਬਾਰ ਉਹਨਾਂ ਦੀਆਂ ਕਮੀਆਂ ਨਾ ਗਿਣਾਉ ਨਹੀਂ ਤਾ ਉਹ ਉਹਨਾਂ ਕਮੀਆਂ ਨੂੰ ਆਪਣੀ ਜਿੰਦਗੀ ਦਾ ਇੱਕ ਹਿੱਸਾ ਮੰਨ ਲੈਣਗੇ ਤੇ ਆਪਣੀ ਤਾਕਤ ਨੂੰ ਕਦੇ ਵੀ ਨਹੀਂ ਪਹਿਚਾਣ ਸਕਣਗੇ।
ਪੰਜ ਸਾਲ ਦੀ ਉਮਰ ਵਿਚ ਮਿਸ਼ਿਗਨ ਅਮਰੀਕਾ ਦੇ ਥਾਮਸ ਏਡੀਸਨ ਨੂੰ ਸਕੂਲ ਵਿੱਚ ਦਾਖਲ ਕਰਾਇਆ ਤਾ ਕੁਝ ਦਿਨਾਂ ਵਿਚ ਹੀ ਸਾਰੇ ਅਧਿਆਪਕ ਉਸ ਤੋਂ ਬਹੁਤ ਦੁਖੀ ਆ ਗਏ ਕਿਉਂਕਿ ਉਹ ਸਵਾਲ ਬਹੁਤ ਪੁਛਿਆ ਕਰਦਾ ਸੀ। ਸਾਰੇ ਪਿੰਡ ਵਾਲੇ ਉਸਨੂੰ ਮੰਦ ਬੁੱਧੀ ਤੇ ਪਾਗਲ ਤੇ ਸਿਰੇ ਦਾ ਨਲਾਇਕ ਸਮਝਦੇ ਤੇ ਮਜ਼ਾਕ ਕਰਦੇ ਸਨ। ਤੇ ਅਖੀਰ 3 ਕੁ ਮਹੀਨੇ ਪਿਛੋਂ ਇਕ ਦਿਨ ਉਸਨੇ ਸਕੂਲੋਂ ਆ ਕੇ ਆਪਣੀ ਮਾਂ ਨੂੰ ਇਕ ਚਿੱਠੀ ਫ਼ੜਾਈ ਜੋ ਉਸਦੇ ਅਧਿਆਪਕ ਨੇ ਦਿੱਤੀ ਸੀ । ਚਿੱਠੀ ਪੜ ਕੇ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸਨੇ ਉੱਚੀ ਉੱਚੀ ਉਹ ਚਿੱਠੀ ਥਾਮਸ ਨੂੰ ਪੜ ਕੇ ਸੁਣਾਈ ਤੇ ਕਿਹਾ ਕੇ ਸਕੂਲ ਵਾਲਿਆਂ ਨੇ ਲਿਖਿਆ ਹੈ ਕਿ “ਤੁਹਾਡਾ ਬੱਚਾ ਬਹੁਤ ਹੁਸ਼ਿਆਰ ਹੈ ਤੇ ਸਾਡੇ ਕੋਲ ਕਾਬਿਲ ਅਧਿਆਪਕ ਨਹੀਂ ਹਨ ਇਸ ਲਈ ਤੁਸੀਂ ਥਾਮਸ ਨੂੰ ਕੱਲ ਤੋਂ ਸਕੂਲ ਨਾ ਭੇਜਣਾ ਤੇ ਘਰ ਵਿਚ ਹੀ ਪੜਾਉਣਾ” । ਇਸ ਤੋਂ ਬਾਅਦ ਵਿਚ ਉਸਦੀ ਮਾਂ ਨੇ ਉਸਨੂੰ ਰਸਾਇਣ ਵਿਗਿਆਨ ਦੀ ਇਕ ਕਿਤਾਬ ਦਿਤੀ ਤੇ ਕਿਹਾ ਕਿ ਕੱਲ੍ਹ ਤੋਂ ਘਰ ਬੈਠ ਕੇ ਹੀ ਪੜ੍ਹਾਈ ਕਰੇ।
ਉਸਨੇ ਘਰ ਵਿਚ ਹੀ ਲੈਬ ਬਣਾ ਲਈ ਤੇ ਉਥੇ ਹੀ ਆਪਣੇ ਪ੍ਰਯੋਗ ਕਰਨ ਲੱਗ ਗਿਆ ਤੇ ਦੋਬਾਰਾ ਜਿੰਦਗੀ ਵਿੱਚ ਕਿਸੇ ਸਕੂਲ ਜਾਂ ਕਾਲਜ ਨਹੀਂ ਗਿਆ। ਥੋੜਾ ਵੱਡਾ ਹੋਇਆ ਤਾ ਕਿਤਾਬਾਂ ਦਾ ਖਰਚਾ ਪੂਰਾ ਕਰਨ ਵਾਸਤੇ ਰੇਲਵੇ ਸਟੇਸ਼ਨ ਤੇ ਅਖਬਾਰ ਵੇਚਣ ਲੱਗ ਪਿਆ । ਪੜ੍ਹਾਈ ਦਾ ਏਨਾ ਜਨੂੰਨ ਸੀ ਕਿ ਰੇਲ ਦੇ ਡੱਬੇ ਵਿੱਚ ਹੀ ਪ੍ਰਯੋਗ ਕਰਨ ਲੱਗ ਪਿਆ। ਤੇਜ਼ਾਬ ਦੀ ਬੋਤਲ ਹੇਠਾਂ ਡਿਗਣ ਕਾਰਨ ਰੇਲ ਦੇ ਡੱਬੇ ਵਿੱਚ ਅੱਗ ਪੈ ਗਈ। ਅੱਗ ਤਾਂ ਬੁਝਾ ਲਈ ਪਰ ਇੱਕ ਅਧਿਕਾਰੀ ਨੇ ਉਸਦੇ ਇੰਨੀ ਜੋਰ ਨਾਲ ਥੱਪੜ ਮਾਰਿਆ ਕਿ ਇੱਕ ਕੰਨੋ ਉਸਨੂੰ ਉੱਚਾ ਸੁਣਨ ਲੱਗ ਪਿਆ ਤੇ ਬਾਅਦ ਵਿੱਚ ਸੁਣਨੋ ਹੀ ਹਟ ਗਿਆ । ਦੁਖੀ ਹੋਣ ਦੀ ਬਜਾਏ ਥਾਮਸ ਖੁਸ਼ ਹੋਇਆ ਕਿ ਹੁਣ ਉਹਨਾਂ ਲੋਕਾਂ ਦੀ ਫਾਲਤੂ ਬਕਵਾਸ ਸੁਣਾਈ ਨਹੀਂ ਦੇਵੇਗੀ।
ਥਾਮਸ ਘੱਟੋ ਘੱਟ 10000 ਵਾਰ ਅਸਫਲ ਹੋਣ ਤੋਂ ਬਾਅਦ ਬਿਜਲੀ ਦੇ ਬਲਬ ਦੀ ਕਾਢ ਕੱਢਣ ਚ ਕਾਮਯਾਬ ਹੋਇਆ। ਪਹਿਲੀ ਵਾਰ ਇਹ ਬੱਲਬ ਸਾਰਾ ਦਿਨ ਜਗਦਾ ਰਿਹਾ ਤੇ ਲੱਖਾਂ ਲੋਕ ਇਸਨੂੰ ਦੇਖਣ ਆਏ। ਲੋਕਾਂ ਵਾਸਤੇ ਇਹ ਇੱਕ ਬਹੁਤ ਵੱਡਾ ਚਮਤਕਾਰ ਸੀ। ਸਿਰਫ਼ 3 ਮਹੀਨੇ ਸਕੂਲ ਪੜ੍ਹੇ ਥਾਮਸ ਨੇ ਆਪਣੀ ਜਿੰਦਗੀ ਵਿੱਚ 1097 ਆਵਿਸ਼ਕਾਰ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਖੋਜ ਬਲਬ ਦੀ ਹੈ ਇਸ ਤੋ ਇਲਾਵਾ Gramophone, motion picture, sound recorder, electric rail engine ਤੇ ਹੋਰ ਪਤਾ ਨੀ ਕਿੰਨੀਆਂ ਕੁ ਖੋਜਾਂ ਕੀਤੀਆਂ । ਸਭ ਤੋ ਵੱਧ ਖੋਜਾਂ ਦਾ ਵਿਸ਼ਵ ਰਿਕਾਰਡ ਉਹਨਾਂ ਨੂੰ ਜਾਂਦਾ ਹੈ ।ਉਸ ਦਾ ਕਹਿਣਾ ਸੀ ਕਿ ਅਸਫਲਤਾ ਦਾ ਕਾਰਨ ਹੀ ਹਾਰ ਮੰਨਣਾ ਹੈ। ਹੁਣ ਉਹ ਬਹੁਤ ਸਫ਼ਲ ਹੋ ਚੁੱਕਾ ਸੀ ਤੇ ਇੱਕ ਦਿਨ ਘਰ ਵਿਚ ਕਿਤਾਬਾਂ ਦੀ ਫਰੋਲਾ ਫਰੋਲੀ ਕਰਦੇ ਨੂੰ ਇੱਕ ਚਿੱਠੀ ਮਿਲੀ ।
ਉਸ ਨੂੰ ਯਾਦ ਆਇਆ ਕਿ ਇਹ ਤਾ ਉਹੀ ਚਿੱਠੀ ਹੈ ਜੋ ਬਚਪਨ ਵਿੱਚ ਸਕੂਲ ਵਲੋਂ ਮਿਲੀ ਸੀ ਤੇ ਜਦੋਂ ਉਸਨੇ ਚਿੱਠੀ ਪੜੀ ਤਾਂ ਥਾਮਸ ਸੁੰਨ ਹੋ ਗਿਆ ਤੇ ਸਾਰਾ ਦਿਨ ਆਪਣੀ ਮਰ ਚੁਁਕੀ ਮਾਂ ਨੂੰ ਯਾਦ ਕਰ ਕਰ ਰੋਂਦਾ ਰਿਹਾ । ਉਸ ਵਿੱਚ ਲਿਖਿਆ ਸੀ ਕਿ “ਤੁਹਾਡਾ ਬੱਚਾ ਬਹੁਤ ਨਲਾਇਕ ਤੇ ਮੰਦ ਬੁੱਧੀ ਹੈ ਇਸ ਨੂੰ ਕਿਸੇ ਪਾਗਲਖਾਨੇ ਜਾਂ ਹਸਪਤਾਲ ਭਰਤੀ ਕਰਾਉ ਨਾ ਕਿ ਸਕੂਲ ਵਿੱਚ ਕੱਲ ਤੋਂ ਥਾਮਸ ਨੂੰ ਸਕੂਲ ਨਾ ਭੇਜਣਾ” । ਬਾਅਦ ਵਿੱਚ ਉਸਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਕਿ ਉਸਦੀ ਮਾਂ ਨੇ ਇੱਕ ਪਾਗਲ ਤੇ ਮੰਦ ਬੁੱਧੀ ਬੱਚੇ ਨੂੰ ਇਕ ਮਹਾਨ ਵਿਗਿਆਨੀ ਬਣਾ ਦਿੱਤਾ । ਜੇ ਉਸਦੀ ਮਾਂ ਚਿੱਠੀ ਵਿਚਲੇ ਸੱਚ ਨੂੰ ਨਾ ਛੁਪਾਉਦੀ ਤਾ ਕਦੇ ਵੀ ਉਸਨੇ ਇੰਨਾ ਵੱਡਾ ਵਿਗਿਆਨੀ ਨਹੀਂ ਬਨਣਾ ਸੀ। ਅੱਜ ਥਾਮਸ ਏਡੀਸਾਨ ਕਰਕੇ ਹੀ ਦੁਨੀਆਂ ਦਾ ਹਰ ਘਰ ਰੋਸ਼ਨ ਹੈ।
– Arash