ਨਵੀਂ ਦਿੱਲੀ– ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ ਨੂੰ ਪਾਕਿਸਤਾਨ ਦੇ ਕਬਜ਼ੇ ’ਚੋਂ ਆਜ਼ਾਦ ਕਰਾਉਣ ਲਈ ਜੇਕਰ ਸੰਸਦ ਫ਼ੌਜ ਨੂੰ ਹੁਕਮ ਦੇਵੇਗੀ ਤਾਂ ਉਹ ਉਸ ਦੀ ਪਾਲਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਬਾਰੇ ਕਈ ਸਾਲ ਪਹਿਲਾਂ ਸੰਸਦ ’ਚ ਮਤਾ ਪਾਸ ਕੀਤਾ ਗਿਆ ਸੀ ਕਿ ਪੂਰਾ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ। ਪੀਓਕੇ ’ਤੇ ਕਬਜ਼ੇ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਸੰਸਦ ਉਹ ਇਲਾਕਾ (ਪੀਓਕੇ) ਆਪਣੇ ਮੁਲਕ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ ਅਤੇ ਇਸ ਬਾਬਤ ਜੇਕਰ ਫ਼ੌਜ ਨੂੰ ਹੁਕਮ ਮਿਲੇ ਤਾਂ ਉਹ ਯਕੀਨੀ ਤੌਰ ’ਤੇ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਸੰਸਦ ਨੇ 1994 ’ਚ ਮਤਾ ਪਾਸ ਕਰਕੇ ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਜੰਮੂ ਕਸ਼ਮੀਰ ਦੇ ਇਲਾਕੇ ਖਾਲੀ ਕਰੇ ਜਿਨ੍ਹਾਂ ’ਤੇ ਉਸ ਨੇ ਹਮਲਾ ਕਰ ਕੇ ਕਬਜ਼ਾ ਕਰ ਲਿਆ ਸੀ ਅਤੇ ਅਹਿਦ ਲਿਆ ਸੀ ਕਿ ਇਸਲਾਮਾਬਾਦ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਥਲ ਸੈਨਾ ਮੁਖੀ ਨੇ ਕਿਹਾ ਕਿ 13 ਲੱਖ ਨਫ਼ਰੀ ਵਾਲੀ ਸੈਨਾ ਦਾ ਸੰਵਿਧਾਨ ਪ੍ਰਤੀ ਭਰੋਸਾ ਕਾਇਮ ਰਹੇਗਾ ਅਤੇ ਇਹ ਉਸ ਤੋਂ ਮਾਰਗ ਦਰਸ਼ਨ ਹਾਸਲ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀਆਂ ਅਹਿਮ ਕਦਰਾਂ-ਕੀਮਤਾਂ ਤਹਿਤ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਫ਼ੌਜ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਜਨਰਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸਾਬਕਾ ਮੁਖੀ ਦੀ ਫ਼ੌਜ ਦੇ ਸਿਆਸੀਕਰਨ ਲਈ ਆਲੋਚਨਾ ਹੋ ਰਹੀ ਹੈ। ਜਨਰਲ ਨਰਵਾਣੇ ਨੇ ਥਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੀਨ ਨਾਲ ਲਗਦੀ ਸਰਹੱਦ ’ਤੇ ਫ਼ੌਜ ਦੀ ਤਿਆਰੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਆਧੁਨਿਕ ਹਥਿਆਰ ਪ੍ਰਣਾਲੀ ਸਮੇਤ ਹੋਰ ਕਈ ਅਹਿਮ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਵਫ਼ਾਦਾਰੀ, ਵਿਸ਼ਵਾਸ ਅਤੇ ਇਕਜੁੱਟਤਾ ਯਾਨੀ ‘ਏਬੀਸੀ’ ਰਾਹੀਂ ਫ਼ੌਜ ਵੱਲ ਪੂਰਾ ਧਿਆਨ ਦੇਣਗੇ। ਥਲ ਸੈਨਾ ਮੁਖੀ ਨੇ ਕਿਹਾ,‘‘ਅਸੀਂ ਭਾਰਤ ਦੇ ਸੰਵਿਧਾਨ ਪ੍ਰਤੀ ਹਲਫ਼ ਲਿਆ ਹੈ। ਭਾਵੇਂ ਅਧਿਕਾਰੀ ਹੋਣ ਜਾਂ ਜਵਾਨ, ਅਸੀਂ ਸੰਵਿਧਾਨ ਦੀ ਰਾਖੀ ਲਈ ਸਹੁੰ ਚੁੱਕੀ ਹੈ ਅਤੇ ਇਹੋ ਸਾਨੂੰ ਹਰ ਵੇਲੇ ਮਾਰਗ ਦਰਸ਼ਨ ਦਿੰਦਾ ਰਹੇਗਾ।’’ ਜਨਰਲ ਨੇ ਕਿਹਾ ਕਿ ਫ਼ੌਜ ਸਰਹੱਦ ’ਤੇ ਖੁਦਮੁਖਤਿਆਰੀ ਅਤੇ ਇਲਾਕੇ ਦੀ ਅਖੰਡਤਾ ਦੀ ਰਾਖੀ ਲਈ ਤਾਇਨਾਤ ਹੈ ਅਤੇ ਮੁਲਕ ਦੇ ਲੋਕਾਂ ਲਈ ਇਹ ਸੁਰੱਖਿਅਤ ਰੱਖਣੀ ਪਵੇਗੀ। ‘ਇਹੋ ਗੱਲ ਸਾਨੂੰ ਸਾਰਿਆਂ ਨੂੰ ਆਪਣੇ ਦਿਮਾਗ ’ਚ ਰੱਖਣੀ ਪਵੇਗੀ।’ ਜਨਰਲ ਨਰਵਾਣੇ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ‘ਆਈਟੀਪੀਕਿਊ’ ਯਾਨੀ ਇਕਜੁੱਟਤਾ, ਸਿਖਲਾਈ, ਜਵਾਨ ਅਤੇ ਕੁਆਲਿਟੀ ’ਤੇ ਰਹੇਗਾ। ਉਨ੍ਹਾਂ ਕਿਹਾ ਕਿ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਅਤੇ ਫ਼ੌਜੀ ਮਾਮਲਿਆਂ ਬਾਰੇ ਵਿਭਾਗ ਦਾ ਗਠਨ ਇਕਜੁੱਟਤਾ ਲਈ ਬਹੁਤ ਵੱਡਾ ਕਦਮ ਹੈ। ‘ਅਸੀਂ ਇਸ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਵਾਂਗੇ।’ ਸਿਆਚਿਨ ਬਾਰੇ ਜਨਰਲ ਨਰਵਾਣੇ ਨੇ ਕਿਹਾ ਕਿ ਭਾਰਤੀ ਫ਼ੌਜ ਨੂੰ ਆਪਣਾ ਧਿਆਨ ਨਹੀਂ ਹਟਾਉਣਾ ਚਾਹੀਦਾ ਹੈ ਕਿਉਂਕਿ ਚੀਨ ਅਤੇ ਪਾਕਿਸਤਾਨ ਵਿਚਕਾਰ ਗੰਢ-ਤੁਪ ਹੋ ਸਕਦੀ ਹੈ।
HOME ਸੰਸਦ ਹੁਕਮ ਦੇਵੇਗੀ ਤਾਂ ਪੀਓਕੇ ਨੂੰ ਵੀ ਆਜ਼ਾਦ ਕਰਾਵਾਂਗੇ: ਨਰਵਾਣੇ