ਨਵੀਂ ਦਿੱਲੀ, (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 17 ਜੁਲਾਈ ਨੂੰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਈ-ਮੇਲ ਰਾਹੀਂ ‘ਵੋਟਰਜ਼ ਵ੍ਹਿਪ’ ਭੇਜਿਆ ਜਾਵੇਗਾ ਜਿਸ ਤਹਿਤ ਉਹ ਸੰਸਦ ਦੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ’ਚ ਕਿਸਾਨਾਂ ਦੀਆਂ ਮੰਗਾਂ ਉਠਾਉਣਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿਆਰ ‘ਵੋਟਰਜ਼ ਵ੍ਹਿਪ’ ’ਚ ਅਹਿਮ ਮੁੱਦੇ ਚੁੱਕੇ ਗਏ ਹਨ। ਸੰਸਦ ਮੈਂਬਰਾਂ ਨੂੰ ਚਾਰ ਨੁਕਤੇ ਦੱਸ ਕੇ ਤਾਕੀਦ ਕੀਤੀ ਗਈ ਹੈ ਕਿ ਸੰਸਦ ਦੇ ਸੈਸ਼ਨ ਦੌਰਾਨ ਉਹ ਕਿਸਾਨੀ ਮੰਗਾਂ ਉਪਰ ਧਿਆਨ ਕੇਂਦਰਤ ਕਰਨ।
ਕਿਸਾਨਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਕਿਸਾਨੀ ਮੰਗਾਂ ਤੋਂ ਥਿੜਕੇ ਤਾਂ ਉਨ੍ਹਾਂ ਦਾ ਵੀ ਭਾਜਪਾ ਵਾਂਗ ਜਨਤਕ ਵਿਰੋਧ ਸ਼ੁਰੂ ਕਰ ਦਿੱਤਾ ਜਾਵੇਗਾ।ਬਰਤਾਨੀਆ, ਕੈਨੇਡਾ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੀਆਂ ਸੰਸਦਾਂ ਵਿੱਚ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਬਾਰੇ ਹੋਈਆਂ ਬਹਿਸਾਂ ਦਾ ਜ਼ਿਕਰ ਕਰਦੇ ਹੋਇਆ ‘ਵੋਟਰਜ਼ ਵ੍ਹਿਪ’ ਵਿੱਚ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਵੱਲ ਕੂਚ ਤੋਂ ਸ਼ੁਰੂ ਹੋਏ ਅੰਦੋਲਨ ਦੀ ਜਾਣਕਾਰੀ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਇਸ ਵ੍ਹਿਪ ਵਿੱਚ ਸੰਸਦ ਮੈਂਬਰਾਂ ਖ਼ਾਸ ਕਰਕੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਕਿਹਾ ਗਿਆ ਹੈ ਕਿ ਉਹ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਸਾਰੇ ਦਿਨ ਉੱਥੇ ਮੌਜੂਦ ਰਹਿਣ। ਸੰਸਦ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੰਸਦ ਅੰਦਰ ਬਿਨਾਂ ਕਿਸੇ ਰੁਕਾਵਟ ਦੇ ਕਿਸਾਨੀ ਮੁੱਦੇ ਉਠਾਉਣ ਅਤੇ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ਦਾ ਸਮਰਥਨ ਕਰਨ।
ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਦੋਂ ਤੱਕ ਹੋਰ ਕੋਈ ਸੰਸਦੀ ਕੰਮ ਨਾ ਹੋਣ ਦੇਣ ਜਦੋਂ ਤੱਕ ਮੋਦੀ ਸਰਕਾਰ ਕਿਸਾਨੀ ਮੰਗਾਂ ਬਾਰੇ ਸਦਨ ਅੰਦਰ ਕਿਸਾਨੀ ਮੰਗਾਂ ਦੀ ਪਾਲਣਾ ਨਹੀਂ ਕਰਦੀ। ਕਿਸਾਨੀ ਨਾਲ ਜੁੜੇ ਵੋਟਰਾਂ ਵੱਲੋਂ ਜਾਰੀ ਕੀਤੀ ਜਾਣ ਵਾਲੀ ਇਸ ਵ੍ਹਿਪ ਵਿੱਚ ਸੰਸਦ ਮੈਂਬਰਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸੰਸਦ ’ਚੋਂ ‘ਵਾਕਆਊਟ’ ਬਾਰੇ ਨਾ ਸੋਚਣ ਕਿਉਂਕਿ ਇਸ ਨਾਲ ਸੱਤਾਧਾਰੀ ਧਿਰ ਨੂੰ ਆਪਣੇ ਕੰਮ ਬਿਨਾਂ ਰੁਕਾਵਟ ਦੇ ਕਰਨ ਦਾ ਮੌਕਾ ਮਿਲ ਜਾਵੇਗਾ। ਵ੍ਹਿਪ ਵਿੱਚ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੂੰ ਜੇਕਰ ਮੁਅੱਤਲ ਜਾਂ ਸਦਨ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਤਾਂ ਵੀ ਉਹ ਸਦਨ ਵਿੱਚ ਮੁੜ ਚਲੇ ਜਾਣ ਅਤੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਡਟੇ ਰਹਿਣ।
‘ਵੋਟਰਜ਼ ਵ੍ਹਿਪ’ ਦੇ ਅਖ਼ੀਰ ਵਿੱਚ ਸੰਸਦ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਇਸ ਨੂੰ ਵੋਟਰਾਂ ਦੀ ਵ੍ਹਿਪ ਮੰਨਿਆ ਜਾ ਸਕਦਾ ਹੈ ਜੋ ਤੁਹਾਡੀ ਪਾਰਟੀ ਵੱਲੋਂ ਜਾਰੀ ਵ੍ਹਿਪ ਨੂੰ ‘ਓਵਰਰਾਈਡ’ ਕਰਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਪਾਰਟੀ ਅਤੇ ਸੰਸਦ ਮੈਂਬਰ ਇਸ ਦੀ ਅਣਦੇਖੀ ਕਰਦੇ ਹਨ ਤਾਂ ਭਾਰਤ ਦੇ ਕਿਸਾਨ ਹਰ ਜਨਤਕ ਪੱਧਰ ’ਤੇ ਉਨ੍ਹਾਂ ਦਾ ਵਿਰੋਧ ਕਰਨ ਲਈ ਮਜਬੂਰ ਹੋਣਗੇ ਜਿਵੇਂ ਕਿਸਾਨਾਂ ਵੱਲੋਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly