ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਸੰਕਟ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਸਿਆਸੀ ਸੰਕਟ ਨੂੰ ‘ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ। ਲੋਕ ਸਭਾ ਵਿੱਚ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕਰ ਰਹੇ ਕਾਂਗਰਸੀ ਮੈਂਬਰਾਂ ਤੇ ਮਾਰਸ਼ਲਾਂ ਵਿਚਾਲੇ ਧੱਕਾਮੁੱਕੀ ਵੀ ਹੋਈ। ਕਾਂਗਰਸ ਨੇ ਮਾਰਸ਼ਲਾਂ ’ਤੇ ਦੋ ਮਹਿਲਾ ਸੰਸਦ ਮੈਂਬਰਾਂ ਜੋਤੀਮਣੀ ਤੇ ਰਾਮਿਆ ਹਰੀਦਾਸ ਨਾਲ ਕਥਿਤ ‘ਹੱਥੋਪਾਈ’ ਕਰਨ ਦਾ ਦੋਸ਼ ਵੀ ਲਾਇਆ। ਉਧਰ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਸਦ ਮੈਂਬਰਾਂ ਦਾ ਅਜਿਹਾ ਵਤੀਰਾ ‘ਅਸਵੀਕਾਰਯੋਗ’ ਹੈ ਤੇ ਅਜਿਹੀ ਕਿਸੇ ਵੀ ਕਾਰਵਾਈ ਨੂੰ ‘ਸਹਿਣ’ ਨਹੀਂ ਕਰਨਗੇ। ਇਸ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਕਈ ਵਾਰ ਵਿਘਨ ਪਿਆ ਤੇ ਆਖਿਰ ਨੂੰ ਸਦਨ ਦਿਨ ਭਰ ਲਈ ਉਠਾ ਦਿੱਤੇ ਗਏ। ਇਸ ਦੌਰਾਨ ਸਪੀਕਰ ਨੇ ਅੱਜ ਦੇ ਰੌਲੇ-ਰੱਪੇ ਮਗਰੋਂ ਕੇਰਲ ਨਾਲ ਸਬੰਧਤ ਕਾਂਗਰਸ ਦੇ ਹਿਬੀ ਈਡਨ ਤੇ ਟੀ.ਪ੍ਰਤਾਪਨ ਨੂੰ ਮੁਅੱਤਲ ਕਰ ਦਿੱਤਾ। ਸੂਤਰਾਂ ਮੁਤਾਬਕ ਦੋਵਾਂ ਸੰਸਦ ਮੈਂਬਰਾਂ ਵੱਲੋਂ ਮੁਆਫ਼ੀ ਮੰਗਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਪੰਜ ਸਾਲ ਲਈ ਮੁਅੱਤਲ ਕਰਨ ਦੀ ਯੋਜਨਾ ਸਪੀਕਰ ਦੇ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਅੱਜ ਜਿਉਂ ਹੀ ਲੋਕ ਸਭਾ ਜੁੜੀ ਤਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਸ਼ਨ ਕਾਲ ਦੌਰਾਨ ‘ਮਹਾਰਾਸ਼ਟਰ ਵਿੱਚ ਜਮਹੂਰੀਅਤ ਦਾ ਕਤਲ ਕੀਤੇ ਜਾਣ’ ਦਾ ਹਵਾਲਾ ਦਿੰਦਿਆਂ ਸਵਾਲ ਪੁੱਛਣ ਤੋਂ ਨਾਂਹ ਕਰ ਦਿੱਤੀ। ਰਾਹੁਲ ਇੰਨਾ ਕਹਿ ਕੇ ਆਪਣੀ ਸੀਟ ’ਤੇ ਬੈਠੇ ਹੀ ਸੀ ਕਿ ਕਾਂਗਰਸੀ ਮੈਂਬਰ ਹੱਥਾਂ ਵਿੱਚ ਤਖ਼ਤੀਆਂ ਫੜੀ ਤੇ ਨਾਅਰੇਬਾਜ਼ੀ ਕਰਦੇ ਸਦਨ ਦੇ ਐਨ ਵਿਚਾਲੇ ਆ ਗਏ। ਤਖਤੀਆਂ ’ਤੇ ‘ਸੰਵਿਧਾਨ ਨੂੰ ਬਚਾਓ’ ਤੇ ‘ਜਮਹੂਰੀਅਤ ਨੂੰ ਬਚਾਓ’ ਦੇ ਨਾਅਰੇ ਲਿਖੇ ਹੋਏ ਸਨ। ਇਸ ਦੌਰਾਨ ਦੋ ਸੰਸਦ ਮੈਂਬਰਾਂ ਹਿਬੀ ਈਡਨ ਤੇ ਟੀ.ਐੱਨ.ਪ੍ਰਤਾਪਨ ਵੱਲੋਂ ਫੜੇ ਵੱਡੇ ਬੈਨਰ, ਜਿਸ ’ਤੇ ‘ਜਮਹੂਰੀਅਤ ਦਾ ਕਤਲ ਬੰਦ ਕਰੋ’ ਲਿਖਿਆ ਸੀ, ਨੂੰ ਵੇਖ ਕੇ ਸਪੀਕਰ ਓਮ ਬਿਰਲਾ ਰੋਹ ਵਿੱਚ ਆ ਗਏ। ਸਪੀਕਰ ਨੇ ਵੈੱਲ ਵਿੱਚ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਤੇ ਖਾਸ ਕਰਕੇ ਈਡਨ ਤੇ ਪ੍ਰਤਾਪਨ ਨੂੰ ਬੈਨਰ ਹਟਾਉਣ ਲਈ ਕਈ ਵਾਰ ਚਿਤਾਵਨੀ ਦਿੱਤੀ। ਅਖੀਰ ਉਨ੍ਹਾਂ ਸਦਨ ਵਿੱਚ ਮੌਜੂਦ ਮਾਰਸ਼ਲਾਂ ਨੂੰ ਈਡਨ ਤੇ ਪ੍ਰਤਾਪਨ ਨੂੰ ਉਥੋਂ ਬਾਹਰ ਕੱਢਣ ਲਈ ਆਖ ਦਿੱਤਾ। ਇੰਨਾ ਕਹਿਣ ਦੀ ਦੇਰ ਸੀ ਕਿ ਹੋਰ ਕਾਂਗਰਸੀ ਮੈਂਬਰ ਉਨ੍ਹਾਂ ਦੇ ਬਚਾਅ ਲਈ ਆ ਗਏ। ਇਸ ਦੌਰਾਨ ਮਾਰਸ਼ਲਾਂ ਤੇ ਕਾਂਗਰਸੀ ਮੈਂਬਰ ਇਕ ਦੂਜੇ ਨਾਲ ਧੱਕਾਮੁੱਕੀ ਵੀ ਹੋਏ। ਰੌਲਾ-ਰੱਪਾ ਵਧਦਾ ਵੇਖ ਸਪੀਕਰ ਨੇ ਸਦਨ ਨੂੰ 12 ਵਜੇ ਤਕ ਲਈ ਉਠਾ ਦਿੱਤਾ। ਸਦਨ ਮਗਰੋਂ 12 ਵਜੇ ਤੇ 2 ਵਜੇ ਮੁੜ ਜੁੜਿਆ, ਪਰ ਕਾਂਗਰਸੀ ਮੈਂਬਰਾਂ ਨੇ ਸਦਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਜਾਰੀ ਰੱਖੀ। ਉਂਜ ਸਰਕਾਰ ਨੇ ਪੈਂਦੇ ਰੌਲੇ ਰੱਪੇ ਵਿੱਚ ਹੀ ਐੇੱਸੀਪੀਜੀ ਐਕਟ ਵਿੱਚ ਸੋਧ ਸਮੇਤ ਚਾਰ ਬਿੱਲ ਪੇਸ਼ ਕੀਤੇ।ਉਧਰ ਰਾਜ ਸਭਾ ਵਿੱਚ ਵੀ ਕਾਂਗਰਸ, ਖੱਬਿਆਂ, ਡੀਐੱਮਕੇ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਮਹਾਰਾਸ਼ਟਰ ਸੰਕਟ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਰੌਲਾ-ਰੱਪਾ ਪਾਇਆ। ਸਦਨ ਦੇ ਉਪ ਚੇਅਰਮੈਨ ਹਰੀਵੰਸ਼ ਨੇ ਮਾਮਲਾ ਅਦਾਲਤ ਵਿੱਚ ਹੋਣ ਦੀ ਗੱਲ ਕਹਿ ਕੇ ਚਰਚਾ ਕਰਵਾਉਣ ਤੋਂ ਨਾਂਹ ਕਰ ਦਿੱਤੀ। ਇਸ ’ਤੇ ਕਾਂਗਰਸ ਮੈਂਬਰਾਂ ਨੇ ਕਿਹਾ ਕਿ ਜਦੋਂ ਮਾਮਲਾ ਅਦਾਲਤ ਦੇ ਵਿਚਾਰਅਧੀਨ ਹੈ ਤਾਂ ਫਿਰ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੂੰ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਮੌਕੇ ਨਕਵੀ ਨੇ ਦਾਅਵਾ ਕੀਤਾ ਕਿ ਕਾਂਗਰਸ, ਸ਼ਿਵ ਸੈਨਾ ਤੇ ਐੱਨਸੀਪੀ ਮਹਾਰਾਸ਼ਟਰ ਵਿੱਚ ‘ਜੁਗਾੜ’ ਜ਼ਰੀਏ ਜਮਹੂਰੀਅਤ ਨੂੰ ‘ਅਗਵਾ’ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਨਕਵੀ ਨੇ ਕਿਹਾ ਕਿ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਸਲਿਪਰੀ (ਤਿਲਕਵੀਂ) ਪਿੱਚ ’ਤੇ ਰਨ ਆਊਟ ਹੋਣ ਦਾ ਜੋਖ਼ਮ ਲਿਆ ਹੈ। ਉਂਜ ਰਾਜ ਸਭਾ ਵਿੱਚ ਰੌਲੇ-ਰੱਪੇ ਦਰਮਿਆਨ ਹੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕੌਮਾਂਤਰੀ ਫਾਇਨਾਂਸ਼ੀਅਲ ਸਰਵਸਿਜ਼ ਸੈਂਟਰਜ਼ ਅਥਾਰਿਟੀ ਬਿੱਲ 2019 ਪੇਸ਼ ਕੀਤਾ, ਜਿਸ ਨੂੰ ਸਦਨ ਨੇ ਪ੍ਰਵਾਨ ਕਰ ਦਿੱਤਾ। ਮਗਰੋਂ ਉਪ ਚੇਅਰਮੈਨ ਨੇ ਸਦਨ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ।
HOME ਸੰਸਦ ਦੇ ਦੋਵੇਂ ਸਦਨਾਂ ਵਿੱਚ ਮਹਾਰਾਸ਼ਟਰ ਸੰਕਟ ਦੀ ਗੂੰਜ