ਨਵੀਂ ਦਿੱਲੀ/ਤਿਰੂਵਲਾ (ਕੇਰਲ) (ਸਮਾਜਵੀਕਲੀ) : ਭਾਰਤ ਦੇ ਸੰਵਿਧਾਨ ਨੂੰ ਸਰਕਾਰ ਦਾ ਮਾਰਗ-ਦਰਸ਼ਕ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਧਰਮ, ਲਿੰਗ, ਜਾਤ-ਪਾਤ ਜਾਂ ਭਾਸ਼ਾ ਦੇ ਆਧਾਰ ’ਤੇ ਵਿਤਕਰਾ ਨਹੀਂ ਕਰਦੀ ਅਤੇ 130 ਕਰੋੜ ਭਾਰਤੀਆਂ ਦਾ ਸ਼ਕਤੀਕਰਨ ਕੀਤੇ ਜਾਣ ਦਾ ਮਕਸਦ ਰੱਖਦੀ ਹੈ।
ਕੇਰਲਾ ਦੇ ਪਠਾਨਮਥਿਟਾ ਵਿੱਚ ਰੇਵ ਜੋਸਫ਼ ਮਾਰ ਥੋਮਾ ਮਟਰੋਪੌਲੀਟਿਨ ਦੇ 90ਵੇਂ ਜਨਮ ਦਿਹਾੜੇ ਦੇ ਜਸ਼ਨਾਂ ਮੌਕੇ ਵੀਡੀਓ ਕਾਨਫੰਰਸ ਜ਼ਰੀਏ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਦਿੱਲੀ ਵਿਚਲੇ ਅਾਰਾਮਦਾਇਕ ਸਰਕਾਰੀ ਦਫ਼ਤਰਾਂ ਵਿੱਚ ਬੈਠ ਕੇ ਫ਼ੈਸਲੇ ਨਹੀਂ ਲਏ ਬਲਕਿ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਰਾਇ ਜਾਣਨ ਮਗਰੋਂ ਫ਼ੈਸਲੇ ਲਏ ਹਨ।’’
ਊਨ੍ਹਾਂ ਕਿਹਾ, ‘‘ਇਸੇ ਹੀ ਭਾਵਨਾ ਕਾਰਨ ਹਰੇਕ ਭਾਰਤੀ ਕੋਲ ਬੈਂਕ ਖਾਤਾ ਹੈ।’’ ਮੋਦੀ ਨੇ ਕਿਹਾ ਕਿ ਅਾਯੂਸ਼ਮਾਨ ਭਾਰਤ ‘ਦੁਨੀਆਂ ਦੀ ਸਭ ਤੋਂ ਵੱਡੀ ਸਿਹਤ-ਸੰਭਾਲ ਸਕੀਮ’ ਹੈ, ਜਿਸ ਰਾਹੀਂ ਇੱਕ ਕਰੋੜ ਤੋਂ ਵੱਧ ਲੋਕਾਂ ਨੂੰ ਮਿਆਰੀ ਇਲਾਜ ਮਿਲਿਆ ਹੈ।
ਊਨ੍ਹਾਂ ਕਿਹਾ, ‘‘ਮਹਿਲਾਵਾਂ ਲਈ ਅਸੀਂ ਯਕੀਨੀ ਬਣਾ ਰਹੇ ਹਾਂ ਕਿ ਵੱਖ-ਵੱਖ ਸਕੀਮਾਂ ਰਾਹੀਂ ਊਨ੍ਹਾਂ ਦੀ ਸਿਹਤ ਪ੍ਰਤੀ ਲੋੜੀਂਦਾ ਧਿਅਾਨ ਦਿੱਤਾ ਜਾਵੇ। ਅਤੇ, ਪ੍ਰਸੂਤਾ ਛੁੱਟੀ ’ਚ ਵਾਧਾ ਹੋਣ ਕਾਰਨ ਊਨ੍ਹਾਂ ਦੇ ਕਰੀਅਰ ਨਾਲ ਸਮਝੌਤਾ ਨਾ ਹੋਵੇ।’’ ਪ੍ਰਧਾਨ ਮੰਤਰੀ ਨੇ ਕੋਵਿਡ-19 ਖ਼ਿਲਾਫ਼ ਜੰਗ ਬਾਰੇ ਕਿਹਾ ਕਿ ਦੇਸ਼ ਮਜ਼ਬੂਤੀ ਨਾਲ ਮਾਹਮਾਰੀ ਦਾ ਟਾਕਰਾ ਕਰ ਰਿਹਾ ਹੈ।