ਨਵੀਂ ਦਿੱਲੀ/ਨਿਊਯਾਰਕ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਸੰਯੁਕਤ ਰਾਸ਼ਟਰ ਦੀ ਅਾਰਥਿਕ ਤੇ ਸਮਾਜਿਕ ਪ੍ਰੀਸ਼ਦ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕੀਤਾ। ਪਿਛਲੇ ਮਹੀਨੇ ਤਾਕਤਵਰ ਸੁਰੱਖਿਆ ਪ੍ਰੀਸ਼ਦ ’ਚ ਗ਼ੈਰ ਸਥਾਈ ਮੈਂਬਰ ਵਜੋਂ ਭਾਰਤ ਦੇ ਚੁਣੇ ਜਾਣ ਮਗਰੋਂ ਸੰਯੁਕਤ ਰਾਸ਼ਟਰ ’ਚ ਸ੍ਰੀ ਮੋਦੀ ਦਾ ਇਹ ਪਹਿਲਾ ਭਾਸ਼ਨ ਸੀ। ਇਸ ਵਰ੍ਹੇ ਬੈਠਕ ਦਾ ਵਿਸ਼ਾ ‘ਕੋਵਿਡ-19 ਮਗਰੋਂ ਬਹੁਲਵਾਦ: 75ਵੀਂ ਵਰ੍ਹੇਗੰਢ ਮੌਕੇ ਕਿਹੋ ਜਿਹੇ ਸੰਯੁਕਤ ਰਾਸ਼ਟਰ ਦੀ ਲੋੜ’ ਰੱਖਿਆ ਗਿਆ ਹੈ।
ਸ੍ਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਅੱਜ ਦੀ ਦੁਨੀਆਂ ’ਚ ਇਸ ਦੀ ਭੂਮਿਕਾ ਤੇ ਮਹੱਤਵ ਦੇ ਮੁਲਾਂਕਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਦੂਜੀ ਸੰਸਾਰ ਜੰਗ ਕਾਰਨ ਉਪਜੇ ਸੰਕਟ ਦੇ ਸਮੇਂ ਸੰਯੁਕਤ ਰਾਸ਼ਟਰ ਹੋਂਦ ’ਚ ਆਇਆ ਸੀ ਅਤੇ ਹੁਣ ਕੋਵਿਡ-19 ਮਹਾਮਾਰੀ ਦੇ ਦੌਰ ’ਚ ਇਸ ਦੀ ਪੁਨਰਸੁਰਜੀਤੀ ਤੇ ਸੋਧ ਦਾ ਵੇਲਾ ਹੈ। ਉਨ੍ਹਾਂ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ, ‘ਕਰੋਨਾਵਾਇਰਸ ਖ਼ਿਲਾਫ਼ ਚੱਲ ਰਹੀ ਸਾਂਝੀ ਜੰਗ ’ਚ ਅਸੀਂ ਦੁਨੀਆਂ ਦੇ 150 ਤੋਂ ਵੱਧ ਮੁਲਕਾਂ ਦੀ ਮਦਦ ਕੀਤੀ ਹੈ।’ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨੇ ਜਿੱਥੇ ਸਾਰੀ ਦੁਨੀਆਂ ਦੇ ਸਬਰ ਦਾ ਵੱਡਾ ਇਮਤਿਹਾਨ ਲਿਆ ਹੈ ਉੱਥੇ ਹੀ ਭਾਰਤ ਵਿੱਚ ਵੀ ਇਸ ਬਿਮਾਰੀ ਖ਼ਿਲਾਫ਼ ਲੜਾਈ ਨੂੰ ਲੋਕ ਸੰਘਰਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ’ਚ ਭਾਰਤ ਦੇ ਬੁਨਿਆਦੀ ਸਿਹਤ ਪ੍ਰਬੰਧ ਕਾਰਨ ਹੀ ਇੱਥੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਦੁਨੀਆਂ ਦੇ ਹੋਰਨਾਂ ਮੁਲਕਾਂ ਮੁਕਾਬਲੇ ਬਿਹਤਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ’ਤੇ ਦਿੜ੍ਹ ਹੈ ਕਿ ਸਥਾਈ ਸ਼ਾਂਤੀ ਤੇ ਖੁਸ਼ਹਾਲੀ ਬਹੁਲਵਾਦ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਬਹੁਲਵਾਦ ਨੂੰ ਮੌਜੂਦਾ ਦੁਨੀਆਂ ਦੀ ਨੁਮਾਇੰਦਗੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਲਵਾਦ ਤੇ ਸੰਯੁਕਤ ਰਾਸ਼ਟਰ ’ਚ ਸੁਧਾਰ ਦੇ ਨਾਲ ਹੀ ਮਨੁੱਖਤਾ ਦੀਆਂ ਖਾਹਿਸ਼ਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸ੍ਰੀ ਮੋਦੀ ਨੇ ਕਿਹਾ, ‘ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਸਾਨੂੰ ਆਲਮੀ ਬਹੁਲਵਾਦ ਪ੍ਰਬੰਧ ’ਚ ਸੁਧਾਰ ਦਾ ਅਹਿਦ ਲੈਣਾ ਚਾਹੀਦਾ ਹੈ।’