- ਸੜਕ ਅਤੇ ਰੇਲ ਆਵਾਜਾਈ ਕੀਤੀ ਜਾਵੇਗੀ ਠੱਪ
- ਬਾਜ਼ਾਰ ਤੇ ਸਰਕਾਰੀ ਦਫ਼ਤਰ ਰੱਖੇ ਜਾਣਗੇ ਮੁਕੰਮਲ ਬੰਦ
- ਜ਼ਰੂਰੀ ਸੇਵਾਵਾਂ ਰਹਿਣਗੀਆਂ ਬਹਾਲ
ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚਾ ਨੇ ਅੱਜ ਕਿਹਾ ਕਿ ਭਲਕੇ 26 ਮਾਰਚ ਦੇ ਭਾਰਤ ਬੰਦ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਕੇਰਲਾ, ਮਹਾਰਾਸ਼ਟਰ, ਪੰਜਾਬ, ਹਰਿਆਣਾ ਤੋਂ ਇਲਾਵਾ ਹੋਰ ਸੂਬੇ ਇਸ ਲਈ ਤਿਆਰ ਹੋ ਰਹੇ ਹਨ। ਆਲ ਇੰਡੀਆ ਕਿਸਾਨ ਫੈਡਰੇਸ਼ਨ (ਏਆਈਕੇਐੱਫ) ਦੇ ਪ੍ਰਧਾਨ ਦੇ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਸਾਰੇ ਮੁਲਕ ਅੰਦਰ ਫੈਲ ਗਿਆ ਹੈ ਤੇ ਹੁਣ ਲੋਕ ਲਹਿਰ ਬਣ ਗਿਆ ਹੈ।
ਕਿਸਾਨ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧ ਹਨ ਜਦੋਂ ਤੱਕ ਤਿੰਨੋਂ ਨਵੇਂ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਐੱਮਐੱਸਪੀ ਨੂੰ ਕਾਨੂੰਨੀ ਅਧਿਕਾਰ ਨਹੀਂ ਬਣਾਇਆ ਜਾਂਦਾ। ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਸੜਕੀ ਤੇ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ ਅਤੇ ਬਾਜ਼ਾਰ ਤੇ ਸਰਕਾਰੀ ਦਫਤਰ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਮੁਕੰਮਲ ਬੰਦ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ।
ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਇਤਿਹਾਸਕ ਸ਼ਾਂਤਮਈ ਅੰਦੋਲਨ ਨੂੰ ਜਬਰ-ਜ਼ੁਲਮ ਤੇ ਕੋਝੀਆਂ ਚਾਲਾਂ ਰਾਹੀਂ ਫੇਲ੍ਹ ਕਰਨਾ ਚਾਹੁੰਦੀ ਹੈ, ਜੋ ਕਿ ਗ਼ੈਰ-ਜਮਹੂਰੀ ਤੇ ਗ਼ੈਰ-ਸੰਵਿਧਾਨਕ ਹੈ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਉੱਤਰਾਖੰਡ ਦੇ ਸ੍ਰੀਨਗਰ-ਗੜਵਾਲ ਵਿੱਚ ਕਿਸਾਨਾਂ ਦੇ ਹਮਾਇਤ ’ਚ ਪ੍ਰੋਗਰਾਮ ਕੀਤੇ ਗਏ ਹਨ। ਪੱਛਮੀ ਬੰਗਾਲ ਦੇ ਉੱਤਰਪਾੜਾ ’ਚ ਆਈਐੱਸਐੱਫਟੀਯੂ ਤੇ ਪੀਵਾਈਐੱਲ ਦੇ ਕਾਰਕੁਨਾਂ ਨੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ।
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਤੇ ਵਿਸ਼ਾਖਾਪਟਨਮ ਵਿੱਚ ਵੀ ਕਿਸਾਨਾਂ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਪ੍ਰਯਾਗਰਾਜ ਦੇ ਘੂਰਪੁਰ ਅਤੇ ਤਿਲੰਗਾਨਾ ਵਿੱਚ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਬਿੱਲ 2020 ਵਾਪਸ ਲੈਣ ਤੇ ਐੱਮਐੱਸਪੀ ਲਈ ਕਾਨੂੰਨ ਉਠਾਉਣ ਦੀ ਮੰਗ ਕੀਤੀ ਗਈ।