ਦੁਬਈ (ਸਮਾਜ ਵੀਕਲੀ): ਇੱਥੇ ਸੰਯੁਕਤ ਅਰਬ ਅਮੀਰਾਤ ਨੇ ਜਾਪਾਨ ਦੇ ਇੱਕ ਲਾਂਚ ਸੈਂਟਰ ਤੋਂ ਮੰਗਲ ਗ੍ਰਹਿ ਵੱਲ ਆਪਣਾ ਪੁਲਾੜ ਵਾਹਨ ‘ਅਲ ਅਮਲ’ ਸਫ਼ਲਤਾਪੂਰਵਕ ਰਵਾਨਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ‘ਅਲ ਅਮਲ’ ਜਾਂ ‘ਹੋਪ ਪਰੋਬ’ ਨਾਮੀਂ 1.3 ਟਨ ਵਜ਼ਨ ਵਾਲਾ ਇਹ ਪੁਲਾੜ ਵਾਹਨ ਜਪਾਨ ਦੇ ਤੇਨਗਾਸ਼ਿਮਾ ਪੁਲਾੜ ਬੰਦਰਗਾਹ ਤੋਂ ਸਵੇਰੇ 1.58 ਵਜੇ ਐੱਚ-2 ਏ ਰਾਕਟ ਤੋਂ ਲਾਂਚ ਕੀਤਾ ਗਿਆ।
ਲਾਂਚ ਅਪਰੇਟਰ- ਮਿਸ਼ੂਬੀਸ਼ੀ ਹੈਵੀ ਇੰਡਸਟਰੀਜ਼ ਲਾਂਚ ਸਰਵਿਸਿਜ਼ ਨੇ ਦੱਸਿਆ ਕਿ ਪਰੋਬ ਦਾ ਟੈਲੀਕੌਮ ਸਿਸਟਮ ਸਥਾਪਤ ਕੀਤਾ ਗਿਆ ਅਤੇ ਇਸ ਵੱਲੋਂ ਲਾਂਚ ਵਹੀਕਲ ਤੋਂ ਵੱਖ ਹੋਣ ਮਗਰੋਂ ਆਪਣਾ ਪਹਿਲਾ ਸਿਗਨਲ ਦਿੱਤਾ ਗਿਆ ਤੇ ਇਸ ਦੇ ਲਾਂਚ ਹੋਣ ਤੋਂ ਇੱਕ ਘੰਟਾ ਮਗਰੋਂ ਇਸ ਦੇ ਸੋਲਰ ਪੈਨਲਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ‘ਦਿ ਖਲੀਜ ਟਾਈਮਜ਼’ ਦੀ ਰਿਪੋਰਟ ਮੁਤਾਬਕ ਦੁਬਈ ਦੇ ਅਲ ਖਵਾਨੀਜ ’ਚ ਸਥਿਤ ਮਿਸ਼ਨ ਕੰਟਰੋਲ ਟੀਮ ਨੇ ਇਹ ਸਿਗਨਲ ਪ੍ਰਾਪਤ ਕੀਤੇ।