ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿਚ ਸੰਨ੍ਹਾਂ ਲਗਾ ਕੇ ਸਾਜ਼ੋ-ਸਾਮਾਨ ਚੋਰੀ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਪੰਜ ਮੁਲਜ਼ਮ ਨਾਬਾਲਗ ਹਨ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਚੋਰੀਆਂ ਤੇ ਸੰਨ੍ਹਾਂ ਲਾਉਣ ਦੇ 9 ਮਾਮਲੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸਾਜ਼ੋ-ਸਾਮਾਨ ਵੀ ਬਰਾਮਦ ਕਰ ਲਿਆ ਹੈ। ਸੈਕਟਰ 31 ਥਾਣੇ ਦੇ ਮੁਖੀ ਰਾਜਦੀਪ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਨੇ ਇਸ ਗਰੋਹ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਕਾਬੂ ਕੀਤਾ। ਪੁਲੀਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੇਜ਼-2 ਸਨਅਤੀ ਖੇਤਰ ਦੇ ਪਲਾਟ ਨੰਬਰ 913-ਏ ਵਿਚ ਸੰਨ੍ਹ ਲਾ ਕੇ ਚੋਰੀ ਕਰਨ ਵਾਲਾ ਗਰੋਹ ਸੈਕਟਰ-31 ਵਿਚ ਸਰਗਰਮ ਹੈ ਅਤੇ ਉਹ ਕਈ ਥਾਵਾਂ ’ਤੇ ਸੰਨ੍ਹਾਂ ਮਾਰ ਕੇ ਚੋਰੀ ਕੀਤੇ ਸਾਮਾਨ ਨੂੰ ਵੇਚਣ ਦੀ ਤਾਕ ਵਿਚ ਹੈ। ਪੁਲੀਸ ਨੇ ਤੁਰੰਤ ਸਬੰਧਤ ਥਾਂ ’ਤੇ ਛਾਪਾ ਮਾਰਿਆ ਅਤੇ ਛੇ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਵਿਚੋਂ ਇਕ ਮੁਲਜ਼ਮ ਦੀ ਪਛਾਣ ਜ਼ੀਰਕਪੁਰ ਦੇ 23 ਸਾਲਾਂ ਦੇ ਪੁਨੀਤ ਗੋਇਲ ਵਜੋਂ ਹੋਈ ਹੈ ਜਦਕਿ ਬਾਕੀ ਮੁਲਜ਼ਮ ਨਾਬਾਲਗ ਹਨ। ਪੁਲੀਸ ਨੇ ਪੰਜੇ ਨਾਬਾਲਗਾਂ ਨੂੰ ਪੁੱਛ-ਪੜਤਾਲ ਤੋਂ ਬਾਅਦ ਬਾਲ ਸੁਧਾਰ ਘਰ ਸੈਕਟਰ-25 ਵਿਚ ਭੇਜ ਦਿੱਤਾ ਹੈ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਈ ਥਾਈਂ ਸੰਨ੍ਹਾਂ ਲਗਾ ਕੇ ਚੋਰੀਆਂ ਕੀਤੀਆਂ ਹਨ ਅਤੇ ਜਾਣਕਾਰੀ ਮਿਲੀ ਕਿ ਇਸੇ ਗਰੋਹ ਨੇ 11 ਫਰਵਰੀ 2019 ਨੂੰ ਗੋਲਕ ਚੋਰੀ ਕੀਤੀ ਸੀ, ਜਿਸ ਵਿਚ 60 ਹਜ਼ਾਰ ਰੁਪਏ ਸਨ। ਇਸੇ ਗਰੋਹ ਨੇ ਹੀ 22 ਜੂਨ ਨੂੰ ਇਕ ਪਲਾਟ ਵਿਚ ਸਾਜ਼ੋ-ਸਾਮਾਨ ਤੇ 6 ਹਜ਼ਾਰ ਰੁਪਏ ਚੋਰੀ ਕੀਤੇ ਸਨ। ਇਸੇ ਗਰੋਹ ਨੇ 300 ਕਿਲੋ ਪਿੱਤਲ, 150 ਕਿਲੋ ਪਿੱਤਲ ਦੀਆਂ ਟੂਟੀਆਂ, 40 ਹਜ਼ਾਰ ਰੁਪਏ ਅਤੇ 11 ਬੈਟਰੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸਨ। ਇਸੇ ਤਰ੍ਹਾਂ ਗਰੋਹ ਕੋਲੋਂ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲੀਸ ਅਨੁਸਾਰ ਇਸ ਗਰੋਹ ਦਾ ਮੁੱਖ ਸਰਗਨਾ ਪੁਨੀਤ ਜੀਂਦ ਨਾਲ ਸਬੰਧਤ ਹੈ ਅਤੇ ਆਪਣੇ ਪਿਤਾ ਨਾਲ ਕਬਾੜ ਦਾ ਕੰਮ ਕਰਦਾ ਹੈ। ਬਾਕੀ ਸਾਰੇ ਬਾਲ ਮੁਲਜ਼ਮ ਰਾਮ ਦਰਬਾਰ, ਹੱਲੋਮਾਜਰਾ ਅਤੇ ਮੌਲੀਜੱਗਰਾਂ ਦੇ ਵਸਨੀਕ ਹਨ। ਪੁਲੀਸ ਅਨੁਸਾਰ ਗਰੋਹ ਦੇ ਮੈਂਬਰਾਂ ਦੀ ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਗਰੋਹ ਪਹਿਲਾਂ ਦਿਨ ਵੇਲੇ ਸਨਅਤੀ ਖੇਤਰ ਵਿਚ ਘੁੰਮ ਫਿਰ ਕੇ ਸੰਨ੍ਹਾਂ ਲਾਉਣ ਲਈ ਪਲਾਟਾਂ ਦੀ ਸ਼ਨਾਖ਼ਤ ਕਰਦਾ ਸੀ ਅਤੇ ਰਾਤ ਵੇਲੇ ਚੋਰੀਆਂ ਕਰਦਾ ਸੀ। ਉਹ ਪਲਾਟਾਂ ਦੀਆਂ ਕੰਧਾਂ ਟੱਪ ਕੇ ਜਾਂ ਕੰਧਾਂ ਵਿਚ ਪਾੜ ਪਾ ਕੇ ਅੰਦਰ ਜਾਂਦੇ ਸਨ। ਇਸ ਤੋਂ ਇਲਾਵਾ ਮੁਲਜ਼ਮ ਤਾਲੇ ਤੋੜਣ ਵਿਚ ਵੀ ਮਾਹਰ ਸਨ। ਉਹ ਚੋਰੀ ਕੀਤਾ ਸਾਮਾਨ ਇਥੇ ਜੰਗਲੀ ਖੇਤਰ ਵਿਚ ਲੁਕਾ ਦਿੰਦੇ ਸਨ ਅਤੇ ਥੋੜਾ-ਥੋੜਾ ਕਰਕੇ ਵੇਚਦੇ ਸਨ।
INDIA ਸੰਨ੍ਹ ਲਗਾ ਕੇ ਚੋਰੀਆਂ ਕਰਨ ਵਾਲੇ ਗਰੋਹ ਦੇ ਛੇ ਮੈਂਬਰ ਕਾਬੂ