(ਸਮਾਜ ਵੀਕਲੀ)
ਅੰਗਹੀਣ ਹੋ ਗਿਆ ਵਿਰਸਾ ਪੰਜਾਬ ਦਾ
ਹਾਂ ਸੰਦੂਕ ਤੋ ਬਿਨਾਂ
ਅੱਜ ਦੇ ਲਿਖਾਰੀ ਨਹੀ ਗੀਤ ਲਿਖਦੇ
ਹਾਂ ਬੰਦੂਕ ਤੋ ਬਿਨਾਂ
ਚਰਖ਼ੇ ਤ੍ਰਿੰਝਣਾਂ ਨੂੰ ਬਹਿ ਗਏ ਭੁੱਲਕੇ
ਹੈ ਗੱਲ ਹਥਿਆਰਾਂ ਦੀ
ਦੱਸੇ ਨਾ ਕੋਈ ਖੇਸ , ਦਰੀ , ਫੁਲਕਾਰੀਆਂ
ਹੈ ਗੱਲ ਸਲਵਾਰਾਂ ਦੀ
ਤੀਵੀਂ ਦੇ ਸ਼ਿੰਗਾਰ ਸੀ ਪਰਾਂਦੇ , ਚੂੜੇ
ਘੱਗਰੇ ਨਾ ਸ਼ੂਫ ਤੋਂ ਬਿਨਾ
ਅੰਗਹੀਣ ਹੋ ਗਿਆ ਵਿਰਸਾ ਪੰਜਾਬ ਦਾ
ਹਾਂ ਸੰਦੂਕ ਤੋ ਬਿਨਾਂ
ਨੇਤਰਾ, ਮਧਾਣੀ , ਚਾਟੀ ਕੋਈ ਨਹੀ ਜਾਣਦਾ
ਨਾ ਕਾੜ੍ਹਨੀ , ਚਟੂਰੇ ਨੂੰ
ਲੱਸੀ , ਦੁੱਧ , ਦਹੀਂ ਛੱਡ ਖਾਣ ਲੱਗ ਪਏ
ਨੇ ਕੁਲਚੇ , ਭਟੂਰੇ ਨੂੰ
ਪਾਊਡਰ ਨੂੰ ਖਾਕੇ ਮਸਲ ਇਉਂ ਲੱਗਦੇ
ਜਿਉਂ ਗੰਡਾ ਭੂਕ ਤੋ ਬਿਨਾਂ
ਅੰਗਹੀਣ ਹੋ ਗਿਆ ਵਿਰਸਾ ਪੰਜਾਬ ਦਾ
ਹਾਂ ਸੰਦੂਕ ਤੋ ਬਿਨਾਂ
ਹੁਣ ਕੋਟੀਆਂ ਸਵੈਟਰਾਂ ਬੁਣਨੀਆਂ ਨਾ ਆਉਣ
ਨਾ ਕੋਈ ਜਾਣੇ ਪੱਖੀਆਂ
ਦਾਦੀ ਨੇ ਸੰਦੂਕ ਵਿੱਚ ਹੱਥ ਨਾਲ
ਕਰ ਸੀ ਤਿਆਰ ਰੱਖੀਆਂ
ਸਭ ਦਾਜ ਨੂੰ ਅਧੂਰਾ ਆਖਣ ਸਿਆਣੀਆਂ
ਸੀ ਕੱਤੇ ਸੂਤ ਤੋ ਬਿਨਾਂ
ਅੰਗਹੀਣ ਹੋ ਗਿਆ ਵਿਰਸਾ ਪੰਜਾਬ ਦਾ
ਹਾਂ ਸੰਦੂਕ ਤੋ ਬਿਨਾਂ
ਹਲ਼ ਤੇ ਪੰਜਾਲੀ ਬਲਦ ਕਿਸਾਨ ਨੂੰ
ਜਾਨ ਤੋ ਪਿਆਰੇ ਸੀ
ਪੁੱਤਾਂ ਨਾਲੋ ਵੱਧ ਸੀ ਸ਼ਿੰਗਾਰ ਰੱਖਦਾ
ਅੱਖੀਆਂ ਦੇ ਤਾਰੇ ਸੀ
ਹੁਣ ਖੇਤਾਂ ਵਿੱਚ ਟੱਲੀਆਂ ਸੁਣਦੀਆਂ ਨਾ
ਫੋਰਡ ਦੀ ਸ਼ੂਕ ਤੋ ਬਿਨਾਂ
ਅੰਗਹੀਣ ਹੋ ਗਿਆ ਵਿਰਸਾ ਪੰਜਾਬ ਦਾ
ਹਾਂ ਸੰਦੂਕ ਤੋ ਬਿਨਾਂ
ਪੰਛੀ ਚੰਡੂਲ ਵਾਂਗ ਗੈਰ ਬੋਲੀ ਬੋਲ
ਕਿਤੇ ਭੁੱਲ ਜਾਇਓ ਨਾ
ਸ਼ਹਿਦ ਨਾਲੋ ਮਿੱਠੀ ਬੋਲੀ ਲੱਗਦੀ ਪੰਜਾਬੀ
ਛੱਡ ਰੁੱਲ ਜਾਇਓ ਨਾ
” ਸੁਖਚੈਨ ” ਹੱਥ ਪੱਲੇ ਕੱਖ ਨਹੀ ਆਵਣਾ
ਹਾਂ ਭੁੱਲ ਚੂਕ ਤੋ ਬਿਨਾਂ
ਅੰਗਹੀਣ ਹੋ ਗਿਆ ਵਿਰਸਾ ਪੰਜਾਬ ਦਾ
ਹਾਂ ਸੰਦੂਕ ਤੋ ਬਿਨਾਂ
ਸੁਖਚੈਨ ਸਿੰਘ ਚੰਦ ਨਵਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly