ਹਿਊਸਟਨ(ਅਮਰੀਕਾ)- ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲੀਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ਦਫ਼ਤਰ ਵਿੱਚ ਦਸ ਸਾਲਾਂ ਤੋਂ ਕੰਮ ਕਰ ਰਹੇ ਧਾਲੀਵਾਲ ਦੀ ਹਿਊਸਟਨ ਵਿੱਚ ਟਰੈਫਿਕ ਡਿਊਟੀ ਦੌਰਾਨ 28 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 42 ਸਾਲਾ ਪੁਲੀਸ ਅਧਿਕਾਰੀ ਉਦੋਂ ਸਰਖੀਆਂ ਵਿੱਚ ਆਇਆ ਸੀ ਜਦੋਂ ਉਸ ਨੂੰ ਕੰਮ ਦੌਰਾਨ ਦਾੜ੍ਹੀ ਰੱਖਣ ਅਤੇ ਪਗੜੀ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਸਿਟੀ ਆਫ ਹਿਊਸਟਨ ਨੇ ਸੋਮਵਾਰ ਨੂੰ ਟਵੀਟ ਕੀਤਾ ,‘‘ਹਿਊਸਟਨ ਪੁਲੀਸ ਟੈਕਸਾਸ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਸਭ ਤੋਂ ਵੱਡੀ ਏਜੰਸੀ ਹੈ, ਜਿਸਨੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਪਣੀ ਆਸਥਾ ਦੀਆਂ ਚੀਜ਼ਾਂ ਪਹਿਨਣ ਦੀ ਇਜਾਜ਼ਤ ਦਿੱਤੀ ਹੈ। ’’ ਰਿਪੋਰਟ ਅਨੁਸਾਰ ਧਾਲੀਵਾਲ ਦੇ ਪਿਤਾ ਪਿਆਰਾ ਲਾਲ ਧਾਲੀਵਾਲ ਨੇ ਕਿਹਾ, ‘‘ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’’