ਸਿੰਘੂ ਬਾਰਡਰ ‘ਤੇ ਵੰਡੀਆਂ 200 ਤਰਪਾਲਾਂ
ਕਿਸਾਨ ਕੁਦਰਤੀ ਖੇਤੀ ਵੱਲ ਪਰਤਣ- ਸੰਤ ਸੀਚੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਿੱਲੀ ਦੀਆਂ ਬਰੂਹਾਂ ‘ਤੇ ਲੱਗੇ ਕਿਸਾਨੀ ਮੋਰਚਿਆਂ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਖੇਤੀ ਵੱਲ ਪਰਤਣ। ਉਨ੍ਹਾਂ ਸਿੰਘੂ ਬਾਰਡਰ ਤੋਂ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲ ਕਦਮੀ ਕਰਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਉਤਸ਼ਾਹਿਤ ਕਰਨ ਕਿਉਂਕਿ ਸਰਕਾਰਾਂ ਨੇ ਅਜਿਹੀਆਂ ਨੀਤੀਆਂ ਨਹੀਂ ਬਣਾਉਣੀਆਂ ਜਿਸ ਨਾਲ ਕਿਸਾਨ ਕੁਦਰਤੀ ਤੇ ਸਹਿਕਾਰੀ ਖੇਤੀ ਵੱਲ ਪਰਤਣ।
ਸੰਤ ਸੀਚੇਵਾਲ ਨੇ ਕਿਹਾ ਕਿ ਸਾਂਝੀ ਖੇਤੀ ਤਦ ਹੀ ਕਾਮਯਾਬ ਹੋਵੇਗੀ ਜੇ ਸਹਿਕਾਰੀ ਖੇਤਰ ਦਾ ਬੁਨਿਆਦੀ ਢਾਚਾਂ ਮਜ਼ਬੂਤ ਹੋਵੇਗਾ। ਪੰਜਾਬ ਨੂੰ ਦਰਪੇਸ਼ ਪਾਣੀ ਦੇ ਸੰਕਟ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਦੇਸ਼ ਦੇ ਭੰਡਾਰ ਤਾਂ ਅਨਾਜ ਨਾਲ ਭਰ ਦਿੱਤੇ ਪਰ ਆਪਣਾ ਧਰਤੀ ਹੇਠਲਾ ਪਾਣੀ ਬਰਬਾਦ ਕਰ ਲਿਆ। ਪੰਜਾਬ ਦੀ ਹਵਾ ਤੇ ਮਿੱਟੀ ਪਲੀਤ ਹੋ ਚੁੱਕੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਕੈਂਸਰ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ।
ਆਉਣ ਵਾਲੀਆਂ ਨਸਲਾਂ ਲਈ ਤਾਂ ਹੀ ਤੰਦਰੁਸਤ ਪੰਜਾਬ ਛੱਡ ਕੇ ਜਾਵੇਗਾ ਜੇ ਕੁਦਰਤੀ ਖੇਤੀ ਕਰਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਸਮੇਂ ਵਿਚ ਜਿਹੜੀ ਖੇਤੀ ਕੀਤੀ ਸੀ ਤਾਂ ਉਹ ਪੂਰੀ ਤਰ੍ਹਾਂ ਨਾਲ ਕੁਦਰਤੀ ਖੇਤੀ ਸੀ। ਉਸੇ ਖੇਤੀ ਵੱਲ ਪਰਤੇ ਬਿਨ੍ਹਾਂ ਪੰਜਾਬ ਤੰਦਰੁਸਤ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਆਰਗੈਨਿਕ ਵਸਤਾਂ ਦੀ ਬਹੁਤ ਜ਼ਿਆਦਾ ਮੰਗ ਹੈ ਤੇ ਇਸ ਦਾ ਰੇਟ ਵੀ ਤਿੰਨ ਗੁਣਾ ਵੱਧ ਮਿਲਦਾ ਹੈ।
ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਦੀਆਂ ਬਰੂਹਾਂ ‘ਤੇ ਬੈਠ ਕੇ ਦੁਨੀਆਂ ਭਰ ਦਾ ਧਿਆਨ ਖਿੱਚ ਰਹੇ ਕਿਸਾਨਾਂ ਮੰਗਾਂ ਨੂੰ ਬਿਨ੍ਹਾਂ ਦੇਰੀ ਦੇ ਮੰਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ‘ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਕਿਸਾਨਾਂ ਦੇ ਹੌਸਲੇ ਪਹਿਲਾਂ ਨਾਲੋਂ ਮਜ਼ਬੂਤ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ 200 ਦੇ ਕਰੀਬ ਤਰਪਾਲਾਂ ਵੀ ਵੰਡੀਆਂ ਤਾਂ ਜੋ ਮੀਂਹ ਤੋਂ ਬਚਾਅ ਹੋ ਸਕੇ। ਉਨ੍ਹਾਂ 25 ਨਵੰਬਰ ਤੋਂ ਚੱਲ ਰਹੇ ਲੰਗਰਾਂ ਲਈ ਰਸਦ ਅਤੇ 10 ਕੁਇੰਟਲ ਮੂੰਗਫਲੀ ਵੀ ਦਿੱਤੀ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਕਿਰਪਾਲ ਸਿੰਘ ਮੂਸਾਪੁਰ, ਕਨਖਲ ਤੋਂ ਆਏ ਦਰਸ਼ਨ ਸਿੰਘ ਸ਼ਾਸ਼ਤਰੀ, ਦਵਿੰਦਰ ਸਿੰਘ ਬਾਜਵਾ, ਸੁਰਜੀਤ ਸਿੰਘ ਸ਼ੰਟੀ, ਗੁਰਦੀਪ ਸਿੰਘ ਪਰਮਜੀਤ ਸਿੰਘ ਬੱਲ, ਸਤਨਾਮ ਸਿੰਘ ਸਾਧੀ, ਅਮਰੀਕ ਸਿੰਘ ਸੰਧੂ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਤੇ ਨਾਲ ਗਏ ਹੋਰ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸੰਤ ਸੀਚੇਵਾਲ ਨਾਲ ਉਨ੍ਹਾਂ ਪਿੰਡਾਂ ਦੇ ਕਿਸਾਨ ਵੀ ਗਏ ਸਨ ਜਿੰਨ੍ਹਾਂ ਦੀਆਂ ਫਸਲਾਂ ਅਗਸਤ 2019 ਵਿੱਚ ਆਏ ਹੜ੍ਹਾਂ ਦੌਰਾਨ ਤਬਾਹ ਹੋ ਗਈਆਂ ਸਨ ਜਦੋਂ ਸਤਲੁਜ ਦਰਿਆ ਦਾ ਬੰਨ ਟੁੱਟਾ ਸੀ। ਗਿੱਦੜ੍ਹਪਿੰਡੀ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਾਣੀਆ ਚਾਹਲ ਨੇੜੇ ਟੁੱਟੇ ਬੰਨ ਨੇ ਬਹੁਤ ਤਬਾਹੀ ਮਚਾਈ ਸੀ ਜਿਸ ਨੂੰ ਸੰਤ ਸੀਚੇਵਾਲ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਤੇ ਨੌਜਵਾਨਾਂ ਨੇ ਬਹੁਤ ਤੇਜ਼ੀ ਨਾਲ ਬੰਨਿਆ ਸੀ।