ਪਵਿੱਤਰ ਕਾਲੀ ਵੇਈਂ ਬਾਰੇ ਦਿਖਾਈ ਦਸਤਾਵੇਜ਼ੀ ਫਿਲਮ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਆਨ ਲਾਈਨ ਸ਼ੈਸ਼ਨ ਪਾਰਲੀਮੈਂਟ ਰਿਸਰਚਰ ਅਤੇ ਟਰੈਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਵੱਲੋਂ ਕਰਵਾਏ ਗਏ ਪੰਜ ਦਿਨਾਂ ਆਨ ਲਾਈਨ ਸ਼ੈਸ਼ਨ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੂੰ ਵਾਤਾਵਰਨ ਦਾ ਪਾਠ ਪੜ੍ਹਾਇਆ। ਇਹ ਆਨ ਲਾਈਨ ਸ਼ੈਸ਼ਨ 18 ਜਨਵਰੀ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਦੇਸ਼ ਦੀਆਂ 20 ਅਜਿਹੀਆਂ ਪਦਮਸ੍ਰੀ ਨਾਲ ਸਨਮਾਨਿਤ ਸਖਸ਼ੀਅਤਾਂ ਨੇ ਸੰਬੋਧਨ ਕੀਤਾ, ਜਿੰਨ੍ਹਾ ਨੇ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਸੇਵਾ ਦੇ ਵੱਡੇ ਕਾਰਜ ਕੀਤੇ ਹਨ।
ਅੱਜ ਦੇ ਆਖਰੀ ਸ਼ੈਸ਼ਨ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਕਾਲੀ ਵੇਈਂ, ਸਤਲੁਜ ਦਰਿਆ ਦੇ ਪ੍ਰਦੂਸ਼ਣ, ਬੀਕਾਨੇਰ ਦੇ ਕੈਂਸਰ ਹਸਪਤਾਲ ਅਤੇ ਹੜ੍ਹਾਂ ਵਿੱਚ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਆਨ-ਲਾਈਨ ਸ਼ੈਸ਼ਨ ਦਾ ਉਦਘਾਟਨ ਲੋਕ ਸਭਾ ਦੇ ਸਪੀਕਰ ਨੇ 18 ਜਨਵਰੀ ਨੂੰ ਕੀਤਾ ਸੀ। ਪੰਜਾਬ ਵਿੱਚੋਂ ਇਸ ਸ਼ੈਸ਼ਨ ਨੂੰ ਸੰਬੋਧਨ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਪਹਿਲੀ ਸਖਸ਼ੀਅਤ ਸਨ।
ਆਨ-ਲਾਈਨ ਸੰਬੋਧਨ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ 20 ਸਾਲਾਂ ਦੌਰਾਨ ਕਿਸਾਨਾਂ ਲਈ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ ਕਿ ਜੇਕਰ ਦੇਸ਼ ਦਾ ਕਿਸਾਨ ਬਚੇਗਾ ਤਾਂ ਹੀ ਦੇਸ਼ ਮਜ਼ਬੂਤ ਤੇ ਆਤਮ ਨਿਰਭਰ ਹੋਵੇਗਾ। ਦੋਨਾ ਇਲਾਕੇ ਵਿੱਚ ਰਸਤੇ ਬਣਾਉਣ, ਪਵਿੱਤਰ ਕਾਲੀ ਵੇਈਂ ਵਿੱਚ ਨਿਰਮਲ ਜਲਧਾਰਾ ਦੇ ਵਹਾ ਨਾਲ ਧਰਤੀ ਹੇਠਲੇੇ ਪਾਣੀ ਨੂੰ ਉਪਰ ਚੁੱਕਣ ਤੇ ਸੀਚੇਵਾਲ ਮਾਡਲ ਰਾਹੀਂ ਪਿੰਡਾਂ ਤੇ ਸ਼ਹਿਰਾਂ ਦੇ ਵਰਤੇ ਗਏ ਪਾਣੀ ਨੂੰ ਸੋਧ ਕੇ ਮੁੜ ਵਰਤਣ ਦਾ ਸਫਲ ਤਜ਼ਰਬਾ ਸਾਂਝਾ ਕੀਤਾ।ਇਹ ਸਾਰੇ ਕਾਰਜ ਖੇਤੀ ਲਈ ਲਾਹੇਵੰਦ ਸਾਬਤ ਹੋ ਰਹੇ ਹਨ।
ਦਸਤਾਵੇਜ਼ੀ ਫਿਲਮ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ: ਏਪੀਜੇ ਅਬਦੁੱਲ ਕਲਾਮ ਦਾ ਉਚੇਚਾ ਜ਼ਿਕਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਭਵਨ ਵਿੱਚ ਹੋਈ ਇੱਕ ਮੁਲਾਕਾਤ ਦੌਰਾਨ ਡਾ: ਕਲਾਮ ਜੀ ਨੇ ਇੱਕ ਵਾਰ ਸੰਤ ਸੀਚੇਵਾਲ ਜੀ ਨੂੰ ਕਿਹਾ ਸੀ ਕਿ ਰਾਜਨੀਤਿਕ ਸਖਸ਼ੀਅਤਾਂ ਦੀ ਕਲਾਸ ਜਰੂਰ ਲਗਾਇਆ ਕਰੋ ਤਾਂ ਜੋ ਉਨ੍ਹਾਂ ਨੂੰ ਕੰਮ ਕਰਨ ਦੇ ਢੰਗ ਤਾਰੀਕਿਆਂ ਬਾਰੇ ਪਤਾ ਲੱਗ ਸਕੇ।