ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ ਸੰਤੋਸ਼ ਟਰਾਫੀ (ਫੁਟਬਾਲ) ਦੇ ਅੱਜ ਦੂਜੇ ਦਿਨ ਅਸਾਮ ਵੱਲੋਂ ਦਾਗ਼ਿਆ ਆਤਮਘਾਤੀ ਗੋਲ ਟੀਮ ’ਤੇ ਭਾਰੂ ਪੈ ਗਿਆ ਅਤੇ ਉਹ ਪੰਜਾਬ ਤੋਂ 2-0 ਗੋਲਾਂ ਨਾਲ ਹਾਰ ਗਿਆ। ਦੂਜਾ ਮੈਚ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਟੀਮਾਂ ਵਿਚਾਲੇ 2-2 ਗੋਲਾਂ ਨਾਲ ਬਰਾਬਰੀ ’ਤੇ ਰਿਹਾ।
ਬੀਤੇ ਦਿਨ ਗਰੁੱਪ ‘ਏ’ ਦੀਆਂ ਚਾਰ ਟੀਮਾਂ ਤੋਂ ਬਾਅਦ ਅੱਜ ਗਰੁੱਪ ‘ਬੀ’ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਪੰਜਾਬ ਅਤੇ ਅਸਾਮ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਮੁਕਾਬਲਾ ਕਾਫੀ ਰੌਮਾਂਚਕ ਰਿਹਾ। ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਈ ਰੱਖਿਆ। ਇਸ ਦੌਰਾਨ ਗੋਲ ਕਰਨ ਦੇ ਕਈ ਮੌਕੇ ਮਿਲੇ, ਜਿਨ੍ਹਾਂ ਨੂੰ ਅਸਾਮ ਦੇ ਗੋਲਕੀਪਰ ਨੇ ਸਫਲ ਨਹੀਂ ਹੋਣ ਦਿੱਤਾ।
ਪਹਿਲੇ ਅੱਧ ਦੇ 45ਵੇਂ ਮਿੰਟ ਵਿੱਚ ਪੰਜਾਬ ਅਤੇ ਅਸਾਮ ਦੇ ਖਿਡਾਰੀਆਂ ਵਿੱਚ ਹੋਏ ਸੰਘਰਸ਼ ਦੌਰਾਨ ਅਸਾਮ ਦੇ ਕਿਸੇ ਖਿਡਾਰੀ ਦੇ ਸਿਰ ਨਾਲ ਲੱਗ ਕੇ ਫੁਟਬਾਲ ਗੋਲ ਪੋਸਟ ਵਿੱਚ ਚਲਾ ਗਿਆ ਅਤੇ ਪੰਜਾਬ 1-0 ਨਾਲ ਅੱਗੇ ਹੋ ਗਿਆ। ਪਹਿਲੇ ਅੱਧ ਵਿੱਚ 1-0 ਨਾਲ ਲੀਡ ਲੈਣ ਵਾਲੀ ਪੰਜਾਬ ਦੀ ਟੀਮ ਦਾ ਦੂਜੇ ਅੱਧ ਵਿੱਚ ਵੀ ਪਲੜਾ ਭਾਰੀ ਰਿਹਾ। ਮੈਚ ਦੇ ਕਰੀਬ 87ਵੇਂ ਮਿੰਟ ਵਿੱਚ ਪੰਜਾਬ ਦੇ ਖਿਡਾਰੀ ਰਾਜਬੀਰ ਸਿੰਘ ਨੇ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਨੂੰ ਪੱਕਾ ਕਰ ਲਿਆ। ਇਸ ਜਿੱਤ ਨਾਲ ਪੰਜਾਬ ਨੂੰ ਤਿੰਨ ਅੰਕ ਮਿਲ ਗਏ ਹਨ। ਦੋਵਾਂ ਟੀਮਾਂ ਦੇ ਇੱਕ-ਇੱਕ ਖਿਡਾਰੀ ਨੂੰ 11ਵੇਂ ਅਤੇ 35ਵੇਂ ਮਿੰਟ ਵਿੱਚ ਰੈਫਰੀ ਵੱਲੋਂ ਪੀਲਾ ਕਾਰਡ ਵੀ ਦਿਖਾਇਆ ਗਿਆ।
ਇਸ ਤੋਂ ਪਹਿਲਾਂ ਸਵੇਰੇ ਖੇਡੇ ਗਏ ਮੈਚ ਵਿੱਚ ਮਹਾਰਾਸ਼ਟਰਾ ਅਤੇ ਕਰਨਾਟਕ ਦੀਆਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਦੋਵੇਂ ਟੀਮਾਂ 2-2 ਗੋਲ ਕਰਕੇ ਬਰਾਬਰੀ ’ਤੇ ਰਹੀਆਂ।
Sports ਸੰਤੋਸ਼ ਟਰਾਫੀ: ਅਸਾਮ ਦੇ ਆਤਮਘਾਤੀ ਗੋਲ ਨਾਲ ਪੰਜਾਬ ਜੇਤੂ