ਨਵੀਂ ਦਿੱਲੀ- ਹੇਠਲੀ ਅਦਾਲਤ ਵੱਲੋਂ ਸੱਟੇਬਾਜ਼ ਸੰਜੀਵ ਚਾਵਲਾ ਨੂੰ ਇਕ ਦਿਨ ਪਹਿਲਾਂ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰਨ ਦੀ ਇਜਾਜ਼ਤ ਦਿੱਤੇ ਜਾਣ ਬਾਅਦ ਦਿੱਲੀ ਹਾਈ ਕੋਰਟ ਨੇ ਅੱਜ ਉਸ ਨੂੰ ਅਗਲੇ ਹੁਕਮਾਂ ਤੱਕ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਹੇਠਲੀ ਅਦਾਲਤ ਨੇ ਕੱਲ ਦਿੱਲੀ ਪੁਲੀਸ ਨੂੰ ਪੁੱਛ-ਗਿੱਛ ਲਈ ਚਾਵਲਾ ਦਾ 12 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਸੀ। ਇੰਗਲੈਂਡ ਤੋਂ ਲਿਆਂਦੇ ਗਏ ਚਾਵਲਾ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਹਵਾਲਗੀ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂਕੇ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੂੰ ਮੁਕੱਦਮੇ ਦੌਰਾਨ ਸਿਰਫ਼ ਤਿਹਾੜ ਜੇਲ੍ਹ ’ਚ ਰੱਖਿਆ ਜਾਵੇਗਾ। ਜਾਂਚ ਅਧਿਕਾਰੀ ਦੇ ਮੌਜੂਦ ਨਾ ਹੋਣ ’ਤੇ ਜਸਟਿਸ ਅਨੂ ਮਲਹੋਤਰਾ ਨੇ ਅਪਰਾਧ ਸ਼ਾਖਾ ਨੂੰ ਮਾਮਲੇ ’ਚ ਸਥਿਤੀ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਚਾਵਲਾ ਨੂੰ ਅਗਲੇ ਹੁਕਮਾਂ ਤੱਕ ਤਿਹਾੜ ’ਚ ਰੱਖਿਆ ਜਾਵੇ। ਅਦਾਲਤ ਨੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕਰਦਿਆਂ ਕੇਸ ਦੀ ਅਗਲੀ ਸੁਣਵਾਈ 19 ਫਰਵਰੀ ਲਈ ਨਿਰਧਾਰਤ ਕਰ ਦਿੱਤੀ।